ਨਗਰੋਟਾ (ਜੰਮੂ), 13 ਜੂਨ
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੰਦਰੂਨੀ ਇਲਾਕਿਆਂ ਅਤੇ ਸਰਹੱਦਾਂ ’ਤੇ ਦਹਿਸ਼ਤੀ ਵਾਤਾਵਰਨ ਦੇ ਖ਼ਾਤਮੇ ਲਈ ਸਖ਼ਤ ਕਾਰਵਾਈ ਦੀ ਜ਼ਮੀਨ ਤਿਆਰ ਕਰਦਿਆਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਬਾਹਰਲੀਆਂ ਤਾਕਤਾਂ ਵੱਲੋਂ ਮੁਸੀਬਤਾਂ ਪੈਦਾ ਕਰਨ ਲਈ ਕੀਤੀਆਂ ਜਾਂਦੀਆਂ ਲਗਾਤਾਰ ਕੋਸ਼ਿਸ਼ਾਂ ਨਾਲ ਨਜਿੱਠਣ ਲਈ ਸੁਰੱਖਿਆ ਏਜੰਸੀਆਂ ਦੇ ਬਿਹਤਰ ਤਾਲਮੇਲ ਦੀ ਲੋੜ ਹੈ। ਸ੍ਰੀ ਸਿਨਹਾ ਨੇ ਕਿਹਾ ਕਿ ਅਤਿਵਾਦ ਨਾਲ ਨਜਿੱਠਣ ਲਈ ਸਰਕਾਰ ਦੀ ਇੱਕੋ-ਇੱਕ ਸਪੱਸ਼ਟ ਨੀਤੀ ਹੈ ਕਿ ਕਿਸੇ ਵੀ ਅਤਿਵਾਦੀ ਨੂੰ ਬਖ਼ਸ਼ਿਆ ਨਾ ਜਾਵੇ ਤੇ ਕਿਸੇ ਬੇਕਸੂਰ ਨੂੰ ਹੱਥ ਨਾ ਲਾਇਆ ਜਾਵੇ।
ਉਪ ਰਾਜਪਾਲ ਨੇ ਕਿਹਾ ਕਿ ਅਤਿਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਇੱਕੋ ਵਰਗੀ ਸਜ਼ਾ ਦੇਣੀ ਚਾਹੀਦੀ ਹੈ। ਇੱਥੇ ਭਾਰਤੀ ਫ਼ੌਜ ਦੀ 16 ਕੋਰ ਦੀ ਗੋਲਡਨ ਜੁਬਲੀ ਦੇ ਸਬੰਧੀ ਸਮਾਰੋਹ ਦੌਰਾਨ ਸ੍ਰੀ ਸਿਨਹਾ ਨੇ ਫ਼ੌਜੀ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅੰਦਰੂਨੀ ਇਲਾਕਿਆਂ ਤੇ ਸਰਹੱਦਾਂ ’ਤੇ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਸਰਹੱਦਾਂ ’ਤੇ ਅਤਿਵਾਦੀਆਂ ਨਾਲ ਨਜਿੱਠਣ ਤੋਂ ਇਲਾਵਾ ਜਵਾਨਾਂ ਨੂੰ ਅੰਦਰੂਨੀ ਇਲਾਕਿਆਂ ’ਚ ਵੀ ਉਨ੍ਹਾਂ ਨੂੰ ਦਰੜਨ ਲਈ ਤਿਆਰ ਰਹਿਣਾ ਚਾਹੀਦਾ ਹੈ। -ਪੀਟੀਆਈ
ਸਿਨਹਾ ਵੱਲੋਂ 50ਵੇਂ ਸਥਾਪਨਾ ਦਿਵਸ ’ਤੇ ਵ੍ਹਾਈਟ ਨਾਈਟ ਕੋਰ ਨੂੰ ਵਧਾਈ
ਜੰਮੂ: ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਭਾਰਤੀ ਫ਼ੌਜ ਦੇ ਵ੍ਹਾਈਟ ਨਾਈਟ ਕੋਰ ਦੇ 50ਵੇਂ ਸਥਾਪਨਾ ਦਿਵਸ ਮੌਕੇ ਕੋਰ ਦੇ ਸਾਰੇ ਅਧਿਕਾਰੀਆਂ ਤੇ ਜਵਾਨਾਂ ਨੂੰ ਮੁਬਾਰਕਬਾਦ ਦਿੱਤੀ। ਰੱਖਿਆ ਮੰਤਰਾਲੇ ਦੇ ਇਕ ਬਿਆਨ ਅਨੁਸਾਰ, ‘‘ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਉੱਤਰੀ ਕਮਾਂਡ ਦੇ ਜੀਓਸੀ-ਇਨ-ਸੀ ਲੈਫ਼ਟੀਨੈਂਟ ਜਨਰਲ ਉਪੇਂਦਰ ਦਿਵੇਦੀ ਨਾਲ ਮਿਲ ਕੇ ਵੀਰ ਸਮ੍ਰਿਤੀ ਸਾਈਕਲ ਰੈਲੀ ਨੂੰ ਝੰਡੀ ਦਿਖਾਈ ਅਤੇ ਨਗਰੋਟਾ ਮਿਲਟਰੀ ਸਟੇਸ਼ਨ ਵਿੱਚ ਹੋਏ ਇਕ ਰਵਾਇਤੀ ਸਮਾਰੋਹ ਦੌਰਾਨ ਭਾਰਤੀ ਫ਼ੌਜ ਦੇ ਵ੍ਹਾਈਟ ਨਾਈਟ ਕੋਰ ਦੇ 50ਵੇਂ ਸਥਾਪਨਾ ਦਿਵਸ ਦੀ ਸਾਰੇ ਜਵਾਨਾਂ ਨੂੰ ਮੁਬਾਰਬਾਦ ਦਿੱਤੀ।’’ -ਆਈਏਐੱਨਐੱਸ