ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਅਕਤੂਬਰ
ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਸਵਾਲ ਉਠਾਇਆ ਕਿ ਮਹਿੰਗਾਈ ਨਾਲ ਪ੍ਰੇਸ਼ਾਨ ਲੋਕਾਂ ਨੂੰ ਆਖ਼ਰ ਮੁਫ਼ਤ ਸਿੱਖਿਆ ਅਤੇ ਇਲਾਜ ਕਿਉਂ ਨਹੀਂ ਮਿਲਣਾ ਚਾਹੀਦਾ ਤੇ ਅਜਿਹੀਆਂ ਚੀਜ਼ਾਂ ਨੂੰ ਮੁਫ਼ਤ ‘ਰਿਓੜੀਆਂ’ ਕਹਿ ਕੇ ਆਮ ਆਦਮੀ ਦਾ ਅਪਮਾਨ ਕਿਉਂ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨੇ ਇੱਕ ਮੀਡੀਆ ਰਿਪੋਰਟ ਨੂੰ ਟਵੀਟ ਕੀਤਾ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਰਿਓੜੀ’ ਜਾਂ ਮੁਫ਼ਤ ਸੌਗਾਤਾਂ ਦੇ ਸਿਆਸੀ ਸੱਭਿਆਚਾਰ ਦੀ ਨਿੰਦਾ ਕੀਤੀ ਹੈ। ਆਮ ਆਦਮੀ ਪਾਰਟੀ (ਆਪ) ਦੇ ਮੁਖੀ ਨੇ ਹਿੰਦੀ ਵਿੱਚ ਟਵੀਟ ਕਰਦਿਆਂ ਕਿਹਾ ‘ਮਹਿੰਗਾਈ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਮੁਫ਼ਤ ਸਿੱਖਿਆ, ਇਲਾਜ, ਦਵਾਈਆਂ ਅਤੇ ਬਿਜਲੀ ਕਿਉਂ ਨਹੀਂ ਮਿਲਣੀ ਚਾਹੀਦੀ? ਸਿਆਸਤਦਾਨਾਂ ਨੂੰ ਐਨੀਆਂ ਸਹੂਲਤਾਂ ਮੁਫ਼ਤ ਵਿੱਚ ਮਿਲਦੀਆਂ ਹਨ। ਬੈਂਕਾਂ ਨੇ ਐਨੇ ਅਮੀਰਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਹਨ। ਇਨ੍ਹਾਂ ਸਹੂਲਤਾਂ ਨੂੰ ਵਾਰ-ਵਾਰ ਮੁਫ਼ਤ ਰਿਓੜੀ ਕਹਿ ਕੇ ਆਮ ਆਦਮੀ ਦਾ ਅਪਮਾਨ ਨਾ ਕੀਤਾ ਜਾਵੇ।’ ਮੋਦੀ ਨੇ ਸ਼ਨਿਚਰਵਾਰ ਨੂੰ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀਆਂ ਦੇ ‘ਗ੍ਰਹਿ ਪ੍ਰਵੇਸ਼’ ਸਮਾਰੋਹ ਮੌਕੇ ਆਪਣੇ ਸੰਬੋਧਨ ’ਚ ‘ਮੁਫਤਸੌਗਾਤਾਂਦੇਸਭਿਆਚਾਰ’ ਦੀ ਨਿੰਦਾ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜਦ ਟੈਕਸ ਦੇਣ ਵਾਲਾ ਇਹ ਦੇਖਦਾ ਹੈ ਕਿ ਉਸ ਤੋਂ ਇਕੱਠੇ ਕੀਤੇ ਗਏ ਪੈਸੇ ‘ਰਿਓੜੀਆਂ ਵੰਡਣ’ ਉਤੇ ਖਰਚ ਕੀਤੇ ਜਾ ਰਹੇ ਹਨ ਤਾਂ ਉਹ ਦੁਖੀ ਹੁੰਦਾ ਹੈ।
‘ਆਪ’ ਨੇ ਸੰਬਿਤ ਪਾਤਰਾ ਖ਼ਿਲਾਫ਼ ਕਾਰਵਾਈ ਮੰਗੀ
ਨਵੀਂ ਦਿੱਲੀ: ‘ਆਪ’ ਨੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ’ਤੇ ਕੇਂਦਰੀ ਸਿਵਲ ਸੇਵਾਵਾਂ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਾਇਆ ਹੈ। ਉਨ੍ਹਾਂ ਪਾਤਰਾ ਨੂੰ ਆਈਟੀਡੀਸੀ ਦੇ ਚੇਅਰਮੈਨ ਵਜੋਂ ਹਟਾਉਣ ਦੀ ਮੰਗ ਕਰਦਿਆਂ ਕਿਹਾ ਕਿ ਭਾਜਪਾ ਤਰਜਮਾਨ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਇਸ ਨੂੰ ਪਾਰਟੀ ਲਈ ਵਰਤਿਆ ਹੈ। ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਨੂੰ ਪੱਤਰ ਲਿਖਦਿਆਂ ‘ਆਪ’ ਆਗੂ ਆਤਿਸ਼ੀ ਨੇ ਦੋਸ਼ ਲਾਇਆ ਕਿ ‘ਇੰਡੀਆ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ’ ਦਾ ਚੇਅਰਮੈਨ ਹੋਣ ਦੇ ਬਾਵਜੂਦ ਪਾਤਰਾ ਨੇ ਭਾਜਪਾ ਲਈ ਪ੍ਰਚਾਰ ਕੀਤਾ ਹੈ ਜੋ ਕਿ ਨੇਮਾਂ ਦੀ ਉਲੰਘਣਾ ਹੈ। -ਪੀਟੀਆਈ