ਕੋਲਕਾਤਾ: ਕਲਕੱਤਾ ਹਾਈ ਕੋਰਟ ਨੇ ਹਾਵੜਾ ਜ਼ਿਲ੍ਹੇ ਦੇ ਤਿੰਨ ਵਿਧਾਇਕਾਂ ਨੂੰ ਅੱਜ ਅੰਤ੍ਰਿਮ ਜ਼ਮਾਨਤ ਦੇ ਦਿੱਤੀ। ਜਿਸ ਕਾਰ ਵਿੱਚ ਇਹ ਵਿਧਾਇਕ ਸਫ਼ਰ ਕਰ ਰਹੇ ਸਨ, ਉਸ ਵਿੱਚੋਂ ਕਰੀਬ 49 ਲੱਖ ਰੁਪਏ ਬਰਾਮਦ ਕੀਤੇ ਗਏ ਸਨ। ਕਾਂਗਰਸ ਦੇ ਤਿੰਨ ਵਿਧਾਇਕਾਂ ਇਰਫ਼ਾਨ ਅੰਸਾਰੀ, ਰਾਜੇਸ਼ ਕੱਛਪ ਅਤੇ ਨਮਨ ਬਿਕਸਲ ਕੋਂਗਾਰੀ ਦੀ ਕਾਰ ਨੂੰ 30 ਜੁਲਾਈ ਨੂੰ ਹਾਵੜਾ ਜ਼ਿਲ੍ਹੇ ਦੇ ਪੰਚਲਾ ਵਿੱਚ ਕੌਮੀ ਮਾਰਗ-16 ’ਤੇ ਰੋਕਿਆ ਗਿਆ ਸੀ ਅਤੇ ਵਾਹਨ ਵਿੱਚੋਂ ਕਰੀਬ 49 ਲੱਖ ਰੁਪਏ ਬਰਾਮਦ ਕੀਤੇ ਜਾਣ ਤੋਂ ਬਾਅਦ ਪੁਲੀਸ ਨੇ ਤਿੰਨੋਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਸਟਿਸ ਜੁਆਏਮਾਲਿਆ ਬਾਗਚੀ ਅਤੇ ਜਸਟਿਸ ਅਨੰਨਿਆ ਬੰਦੋਪਾਧਿਆਏ ਦੇ ਬੈਂਚ ਨੇ ਤਿੰਨੋਂ ਵਿਧਾਇਕਾਂ ਨੂੰ ਤਿੰਨ ਮਹੀਨੇ ਲਈ ਅੰਤ੍ਰਿਮ ਜ਼ਮਾਨਤ ਦਿੱਤੀ ਅਤੇ ਇਸ ਸਮੇਂ ਦੌਰਾਨ ਕੋਲਕਾਤਾ ਮਿਉਂਸਿਪਲ ਖੇਤਰ ਨਾ ਛੱਡਣ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਤਿੰਨੋਂ ਵਿਧਾਇਕਾਂ ਨੂੰ ਮਾਮਲੇ ਵਿੱਚ ਜਾਂਚ ਅਧਿਕਾਰੀ ਸਾਹਮਣੇ ਹਫ਼ਤੇ ਵਿੱਚ ਇਕ ਵਾਰ ਪੇਸ਼ ਹੋਣ ਅਤੇ ਆਪੋ-ਆਪਣੇ ਪਾਸਪੋਰਟ ਜਮ੍ਹਾਂ ਕਰਨ ਦਾ ਨਿਰਦੇਸ਼ ਵੀ ਦਿੱਤਾ। ਪੁਲੀਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸੂਬੇ ਦੀ ਸੀਆਈਡੀ ਨੂੰ ਸੌਂਪ ਦਿੱਤੀ ਹੈ। ਵਿਧਾਇਕਾਂ ਨੇ ਦਾਅਵਾ ਕੀਤਾ ਕਿ ਇਹ ਰਾਸ਼ੀ ਝਾਰਖੰਡ ਵਿੱਚ ਇਕ ਕਬਾਇਲੀ ਤਿਓਹਾਰ ਲਈ ਸਾੜੀਆਂ ਖਰੀਦਣ ਵਾਸਤੇ ਇਸਤੇਮਾਲ ਕੀਤੀ ਜਾਣੀ ਸੀ। -ਪੀਟੀਆਈ