ਨਵੀਂ ਦਿੱਲੀ, 8 ਅਗਸਤ
ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਲਾਲ ਕਿਲ੍ਹੇ ਵਿੱਚ ਆਜ਼ਾਦੀ ਦਿਵਸ ਸਮਾਗਮ ਲਈ ਸੱਦੇ ਗਏ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਤਾਂ ਇਸ ਨੂੰ ‘ਗੰਭੀਰਤਾ’ ਨਾਲ ਲਿਆ ਜਾਵੇਗਾ। ਸਭਨਾਂ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰਾਂ ਨੂੰ ਭੇਜੇ ਪੱਤਰ ਵਿੱਚ ਗਾਬਾ ਨੇ ਕਿਹਾ ਹੈ ਕਿ ਲਾਲ ਕਿਲ੍ਹੇ ’ਤੇ ਆਜ਼ਾਦੀ ਦਿਵਸ ਦੇ ਮੌਕੇ ’ਤੇ ਝੰਡਾ ਲਹਿਰਾਉਣ ਦੇ ਸਮਾਗਮ ਦੀ ਆਪਣੀ ਅਹਿਮੀਅਤ ਹੈ ਅਤੇ ਸਮਾਗਮ ਲਈ ਸੱਦੇ ਗਏ ਅਧਿਕਾਰੀਆਂ ਦੇ ਇਸ ਵਿੱਚ ਸ਼ਾਮਲ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ, ‘‘ਅਜਿਹਾ ਦੇਖਿਆ ਗਿਆ ਹੈ ਕਿ ਕੁਝ ਅਧਿਕਾਰੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ। ਇਸ ਦਿਵਸ ਦੀ ਕੌਮੀ ਅਹਿਮੀਅਤ ਨੂੰ ਦੇਖਦਿਆਂ ਸਮਾਗਮ ਵਿੱਚ ਸ਼ਾਮਲ ਨਾ ਹੋਣਾ ਅਣਉਚਿਤ ਹੈ। ਅਧਿਕਾਰੀਆਂ ਨੂੰ ਇਹ ਚੇਤੇ ਕਰਾਉਣ ਦੀ ਲੋੜ ਹੈ ਕਿ ਆਜ਼ਾਦੀ ਦਿਵਸ ਸਮਾਗਮ ਵਿੱਚ ਸ਼ਾਮਲ ਹੋਣਾ ਉਨ੍ਹਾਂ ਦਾ ਫਰਜ਼ ਹੈ। ’’ ਗਾਬਾ ਨੇ ਪੱਤਰ ਵਿੱਚ ਇਹ ਵੀ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਸਮਾਜਿਕ ਦੂਰੀ ਦੀ ਲੋੜ ਨੂੰ ਦੇਖਦਿਆਂ ਸਿਰਫ ਸੰਯੁਕਤ ਸਕੱਤਰ ਅਤੇ ਉਸ ਤੋਂ ਉੱਪਰ ਦੇ ਅਧਿਕਾਰੀਆਂ ਨੂੰ ਹੀ ਇਸ ਵਰ੍ਹੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਗਿਆ ਹੈ। ਉਨ੍ਹਾਂ ਸਕੱਤਰਾਂ ਨੂੰ ਕਿਹਾ, ‘‘ਤੁਸੀਂ ਆਜ਼ਾਦੀ ਦਿਵਸ ਸਮਾਗਮ ਲਈ ਸੱਦੇ ਗਏ ਆਪਣੇ ਮੰਤਰਾਲੇ/ਵਿਭਾਗ ਦੇ ਸਭਨਾਂ ਅਧਿਕਾਰੀਆਂ ਨੂੰ ਸਮਾਗਮ ਵਿੱਚ ਹਿੱਸਾ ਲੈਣ ਦੀ ਸਲਾਹ ਦੇ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਹਦਾਇਤ ਵੀ ਕਰ ਸਕਦੇ ਹੋ ਕਿ ਸਮਾਗਮ ਵਿੱਚ ਉਨ੍ਹਾਂ ਦੀ ਗੈਰਹਾਜ਼ਰੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।’’ ਕਾਬਿਲੇਗੌਰ ਹੈ ਕਿ ਸਰਕਾਰ ਨੇ ਕੈਬਨਿਟ ਸਕੱਤਰ ਦਾ ਕਾਰਜਕਾਲ ਲੰਘੇ ਦਿਨ ਹੀ ਵਧਾਇਆ ਸੀ। -ਏਜੰਸੀ