ਨਵੀਂ ਦਿੱਲੀ, 29 ਸਤੰਬਰ
ਕੇਂਦਰੀ ਕੈਬਨਿਟ ਨੇ ਸਕੂਲਾਂ ’ਚ ‘ਪੀਐੱਮ ਪੋਸ਼ਣ’ ਯੋਜਨਾ ਲਾਗੂ ਕਰਨ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਇਸ ਯੋਜਨਾ ਤਹਿਤ ਦੇਸ਼ ਦੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੱਕਿਆ ਹੋਇਆ ਭੋਜਨ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੌਜੂਦਾ ਮਿੱਡ-ਡੇਅ ਮੀਲ ਯੋਜਨਾ ਨੂੰ ਪੀਐੱਮ ਪੋਸ਼ਣ ਸ਼ਕਤੀ ਨਿਰਮਾਣ ਯੋਜਨਾ ਨਾਲ ਰਲਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਯੋਜਨਾ ਪੰਜ ਸਾਲਾਂ ਲਈ ਹੋਵੇਗੀ ਅਤੇ ਇਸ ’ਚ ਕੇਂਦਰ ਵੱਲੋਂ 54061.73 ਕਰੋੜ ਅਤੇ ਸੂਬਾ ਸਰਕਾਰ ਵੱਲੋਂ 31,733.17 ਕਰੋੜ ਰੁਪਏ ਦਾ ਯੋਗਦਾਨ ਪਾਇਆ ਜਾਵੇਗਾ। ਬਿਆਨ ਮੁਤਾਬਕ ਯੋਜਨਾ ਦਾ 11.20 ਲੱਖ ਸਕੂਲਾਂ ’ਚ ਪੜ੍ਹ ਰਹੇ 11.80 ਕਰੋੜ ਬੱਚਿਆਂ ਨੂੰ ਲਾਭ ਹੋਵੇਗਾ। -ਪੀਟੀਆਈ