ਨਵੀਂ ਦਿੱਲੀ, 30 ਜੂਨ
ਕੈਬਨਿਟ ਨੇ ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਕੋਵਿਡ ਮਹਾਮਾਰੀ ਨਾਲ ਪ੍ਰਭਾਵਿਤ ਹੋਏ ਅਰਥਚਾਰੇ ਨੂੰ ਰਾਹਤ ਦੇਣ ਲਈ ਐਲਾਨੇ ਗਏ 6.29 ਲੱਖ ਕਰੋੜ ਰੁਪਏ ਦੇ ਪੈਕਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਬਨਿਟ ਮੀਟਿੰਗ ਬਾਅਦ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਹ ਜਾਣਕਾਰੀ ਦਿੱਤੀ। ਸੀਤਾਰਾਮਨ ਨੇ ਸੋਮਵਾਰ ਨੂੰ ਰਾਹਤ ਪੈਕੇਜ ਦਾ ਐਲਾਨ ਕਰਦਿਆਂ ਛੋਟੀਆਂ ਤੇ ਦਰਮਿਆਨੀ ਸਨਅਤਾਂ ਲਈ 1.5 ਲੱਖ ਕਰੋੜ ਦੇ ਵਾਧੂ ਕਰਜਾ ਪੈਕੇਜ ਦਾ ਐਲਾਨ ਕੀਤਾ ਸੀ। ਸਿਹਤ ਸਹੂਲਤਾਂ ਲਈ ਵਾਧੂ ਬਜਟ ਦੇਣ ਅਤੇ ਸੈਰਸਪਾਟਾ ਖੇਤਰ ਵਿੱਚ ਟੂਰ ਅਪਰੇਟਰਾਂ ਅਤੇ ਸੈਲਾਨੀ ਗਾਇਡਾਂ ਲਈ ਸਸਤਾ ਕਰਜ਼ਾ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਪੰਜ ਲੱਖ ਵਿਦੇਸ਼ੀ ਸੈਲਾਨੀਆਂ ਨੂੰ ਟੈਕਸ ਮੁਕਤ ਵੀਜ਼ਾ ਦੇਣ ਦਾ ਐਲਾਨ ਵੀ ਕੀਤਾ ਸੀ। ਕੌਮੀ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਗਰੀਬਾਂ ਨੂੰ ਪ੍ਰਤੀ ਵਿਅਕਤੀ ਪੰਜ ਕਿਲੋ ਅਨਾਜ ਪ੍ਰਤੀ ਮਹੀਨਾ ਮੁਹੱਈਆ ਕਰਾਉਣ ਲਈ 93.869 ਕਰੋੜ ਰੁਪਏ ਖਰਚ ਕਰਨ ਦੇ ਐਲਾਨ ਦੇ ਨਾਲ ਹੀ ਖਾਦ ਸਬਸਿਡੀ ਲਈ 14,775 ਕਰੋੜ ਰੁਪਏ ਦੀ ਵਾਧੂ ਰਾਸ਼ੀ ਮੁਹੱਈਆ ਕਰਾਉਣ ਦੀ ਜਾਣਕਾਰੀ ਦਿੱਤੀ ਸੀ। –ਏਜੰਸੀ