ਜੈਪੁਰ, 25 ਜੁਲਾਈ
ਕਾਂਗਰਸ ਜਨਰਲ ਸਕੱਤਰ ਅਜੈ ਮਾਕਨ ਨੇ ਅੱਜ ਕਿਹਾ ਕਿ ਰਾਜਸਥਾਨ ਵਿਚ ਕੈਬਨਿਟ ਫੇਰਬਦਲ ਦੇ ਮਾਮਲੇ ’ਤੇ ਪਾਰਟੀ ਆਗੂਆਂ ਦਰਮਿਆਨ ਕੋਈ ਤਕਰਾਰ ਨਹੀਂ ਹੈ। ਉਨ੍ਹਾਂ ਫ਼ੈਸਲਾ ਪਾਰਟੀ ਹਾਈ ਕਮਾਨ ਉਤੇ ਛੱਡ ਦਿੱਤਾ ਹੈ। ਮਾਕਨ ਨੇ ਅੱਜ ਮੰਤਰੀਆਂ, ਵਿਧਾਇਕਾਂ ਤੇ ਪਾਰਟੀ ਅਹੁਦੇਦਾਰਾਂ ਨਾਲ ਬੈਠਕ ਕਰਨ ਤੋਂ ਬਾਅਦ ਕਿਹਾ ਕਿ ਕੈਬਨਿਟ ਫੇਰਬਦਲ ਬਾਰੇ ਉਨ੍ਹਾਂ ਪਾਰਟੀ ਹਾਈ ਕਮਾਨ ਵਿਚ ਭਰੋਸਾ ਜ਼ਾਹਿਰ ਕੀਤਾ ਹੈ। ਮਾਕਨ ਨੇ ਹਾਲੇ ਮੰਤਰੀ ਮੰਡਲ ਫੇਰਬਦਲ ਬਾਰੇ ਕੋਈ ਪੱਕੀ ਤਰੀਕ ਨਹੀਂ ਦੱਸੀ ਪਰ ਉਹ 29 ਜੁਲਾਈ ਨੂੰ ਦੁਬਾਰਾ ਜੈਪੁਰ ਆਉਣਗੇ। ਮਾਕਨ ਅੱਜ ਪਾਰਟੀ ਦੇ ਜਥੇਬੰਦਕ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨਾਲ ਇੱਥੇ ਕਾਂਗਰਸ ਦੇ ਦਫ਼ਤਰ ਆਏ ਸਨ।
ਮਾਕਨ ਨੇ ਕਿਹਾ ਕਿ 28 ਜੁਲਾਈ ਨੂੰ ਉਹ ਰਾਜਸਥਾਨ ਦੇ ਵਿਧਾਇਕਾਂ ਨਾਲ ਜ਼ਿਲ੍ਹਾ ਤੇ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਬਾਰੇ ਵਿਚਾਰ-ਚਰਚਾ ਕਰਨਗੇ। ਵੇਣੂਗੋਪਾਲ ਤੇ ਮਾਕਨ ਨੇ ਸ਼ਨਿਚਰਵਾਰ ਰਾਤ ਕੈਬਨਿਟ ਫੇਰਬਦਲ ਤੇ ਸਿਆਸੀ ਨਿਯੁਕਤੀਆਂ ਬਾਰੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ ਹੈ। ਪੰਜਾਬ ਤੋਂ ਬਾਅਦ ਪਾਰਟੀ ਹਾਈ ਕਮਾਨ ਨੇ ਹੁਣ ਆਪਣਾ ਧਿਆਨ ਰਾਜਸਥਾਨ ’ਤੇ ਕੇਂਦਰਿਤ ਕੀਤਾ ਹੈ ਜਿੱਥੇ ਕੈਬਨਿਟ ਵਿਸਤਾਰ ਤੇ ਸਿਆਸੀ ਨਿਯੁਕਤੀਆਂ ਦੀ ਮੰਗ ਜ਼ੋਰ ਫੜ ਰਹੀ ਹੈ। ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਧੜੇ ਵਿਚ ਨਾਰਾਜ਼ਗੀ ਸਾਹਮਣੇ ਆਈ ਹੈ। ਤਿੰਨ ਦਿਨ ਪਹਿਲਾਂ ਪਾਇਲਟ ਨੇ ਸੰਕੇਤ ਕੀਤਾ ਸੀ ਕਿ ਕਾਂਗਰਸ ਨੂੰ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ’ਤੇ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। -ਪੀਟੀਆਈ
ਕਾਂਗਰਸ ਹੀ ਭਾਜਪਾ ਨੂੰ ਦੇ ਸਕਦੀ ਹੈ ਚੁਣੌਤੀ: ਪਾਇਲਟ
ਜੈਪੁਰ: ਕਾਂਗਰਸ ਆਗੂ ਸਚਿਨ ਪਾਇਲਟ ਨੇ ਅੱਜ ਕਿਹਾ ਕਿ ਇਕੱਲੀ ਕਾਂਗਰਸ ਹੀ ਭਾਜਪਾ ਨੂੰ ਸਿਆਸੀ ਤੌਰ ’ਤੇ ਚੁਣੌਤੀ ਦੇਣ ਦੇ ਸਮਰੱਥ ਹੈ। ਆਪਣੇ ਹਲਕੇ ਟੌਂਕ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਪਾਇਲਟ ਨੇ ਮੋਦੀ ਸਰਕਾਰ ਨੂੰ ਵੀ ਨਿਸ਼ਾਨੇ ਉਤੇ ਲਿਆ। ਸਚਿਨ ਨੇ ਕਿਹਾ ਕਿ ਭਾਰਤ ਵੈਕਸੀਨ ਉਤਪਾਦਨ ਵਿਚ ਮੋਹਰੀ ਹੈ ਪਰ ਸਰਕਾਰ ਟੀਕਾਕਰਨ ਲਈ ਲੋੜੀਂਦੀ ਵੈਕਸੀਨ ਸਪਲਾਈ ਯਕੀਨੀ ਨਹੀਂ ਬਣਾ ਸਕੀ। ਉਨ੍ਹਾਂ ਕਿਹਾ ਕਿ ਲੋਕ ਮਹਿੰਗਾਈ ਨਾਲ ਜੂਝ ਰਹੇ ਹਨ ਤੇ ਬਦਲ ਚਾਹੁੰਦੇ ਹਨ। ਰਾਜਸਥਾਨ ਕੈਬਨਿਟ ਵਿਚ ਫੇਰਬਦਲ ਬਾਰੇ ਪੁੱਛੇ ਜਾਣ ਉਤੇ ਪਾਇਲਟ ਨੇ ਕਿਹਾ ਕਿ ਅਜਿਹੇ ਮੁੱਦੇ ਪਾਰਟੀ ਵਿਚ ਢੁੱਕਵੇਂ ਮੰਚ ਉਤੇ ਵਿਚਾਰੇ ਜਾਂਦੇ ਹਨ। -ਪੀਟੀਆਈ