ਨਵੀਂ ਦਿੱਲੀ, 6 ਜਨਵਰੀ
ਕੇਂਦਰੀ ਕੈਬਨਿਟ ਨੇ ਭਾਰਤ ਅਤੇ ਨੇਪਾਲ ਵਿਚਕਾਰ ਉੱਤਰਾਖੰਡ ਦੇ ਧਾਰਚੂਲਾ ’ਚ ਮਹਾਕਾਲੀ ਦਰਿਆ ’ਤੇ ਪੁਲ ਦੀ ਉਸਾਰੀ ਲਈ ਹੋਣ ਵਾਲੇ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੈਬਨਿਟ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਛੇਤੀ ਹੀ ਪੁਲ ਦੀ ਉਸਾਰੀ ਲਈ ਭਾਰਤ ਅਤੇ ਨੇਪਾਲ ਵਿਚਕਾਰ ਸਮਝੌਤੇ ’ਤੇ ਦਸਤਖ਼ਤ ਹੋਣਗੇ। ਉਨ੍ਹਾਂ ਕਿਹਾ ਕਿ ਇਹ ਪੁਲ ਤਿੰਨ ਸਾਲਾਂ ’ਚ ਬਣੇਗਾ। ਠਾਕੁਰ ਨੇ ਕਿਹਾ ਕਿ ਪੁਲ ਦੀ ਉਸਾਰੀ ਨਾਲ ਧਾਰਚੂਲਾ ’ਚ ਰਹਿੰਦੇ ਲੋਕਾਂ ਨੂੰ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਨੇਪਾਲ ਵਿਚਕਾਰ ਦੋਸਤਾਨਾ ਸਬੰਧ ਹਨ ਅਤੇ ਉਹ ਸਾਰਕ ਸਮੇਤ ਹੋਰ ਖੇਤਰੀ ਮੰਚਾਂ ’ਤੇ ਰਲ ਕੇ ਕੰਮ ਕਰਨਗੇ। ਇਸ ਦੌਰਾਨ ਕੇਂਦਰੀ ਕੈਬਨਿਟ ਨੇ ਆਫ਼ਤ ਪ੍ਰਬੰਧਨ ’ਚ ਤੁਰਕਮੇਨਿਸਤਾਨ ਨਾਲ ਸਹਿਯੋਗ ਲਈ ਸਮਝੌਤੇ ’ਤੇ ਦਸਤਖ਼ਤਾਂ ਲਈ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ’ਚ ਇਹ ਫ਼ੈਸਲੇ ਲਏ ਗਏ। ਸਮਝੌਤੇ ਤਹਿਤ ਭਾਰਤ ਅਤੇ ਤੁਰਕਮੇਨਿਸਤਾਨ ਵਿਚਕਾਰ ਅਜਿਹੀ ਪ੍ਰਣਾਲੀ ਬਣਾਈ ਜਾਵੇਗੀ ਜਿਥੇ ਦੋਵੇਂ ਮੁਲਕਾਂ ਨੂੰ ਆਫ਼ਤਾਂ ਵੇਲੇ ਇਕ-ਦੂਜੇ ਤੋਂ ਸਹਾਇਤਾ ਮਿਲ ਸਕੇਗੀ। -ਪੀਟੀਆਈ