ਮੁੱਖ ਅੰਸ਼
- ਰਾਮਪੁਰ ਤੇ ਆਜ਼ਮਗੜ੍ਹ ਦੀਆਂ ਸੰਸਦੀ ਸੀਟਾਂ ਭਾਜਪਾ ਦੀ ਝੋਲੀ ਪਈਆਂ
- ਤ੍ਰਿਪੁਰਾ ’ਚ 3 ਸੀਟਾਂ ਭਾਜਪਾ ਤੇ 1 ਕਾਂਗਰਸ ਨੂੰ ਮਿਲੀ
- ਦਿੱਲੀ ਦੀ ਰਾਜਿੰਦਰ ਨਗਰ ਸੀਟ ’ਤੇ ‘ਆਪ’ ਦਾ ਕਬਜ਼ਾ ਕਾਇਮ
- ਝਾਰਖੰਡ ’ਚ ਕਾਂਗਰਸ ਤੇ ਆਂਧਰਾ ਪ੍ਰਦੇਸ਼ ’ਚ ਵਾਈਐੱਸਆਰ ਜੇਤੂ
ਨਵੀਂ ਦਿੱਲੀ/ਲਖਨਊ/ਅਗਰਤਲਾ, 26 ਜੂਨ
ਦੋ ਰਾਜਾਂ ਦੀਆਂ ਤਿੰਨ ਲੋਕ ਸਭਾ ਅਤੇ ਦਿੱਲੀ ਤੇ ਤਿੰਨ ਰਾਜਾਂ ਦੀਆਂ ਸੱਤ ਅਸੈਂਬਲੀ ਸੀਟਾਂ ਲਈ ਹੋਈ ਜ਼ਿਮਨੀ ਚੋਣ ਵਿੱਚ ਭਾਜਪਾ ਨੇ ਦੋ ਸੰਸਦੀ ਸੀਟਾਂ ਤੇ ਤ੍ਰਿਪੁਰਾ ਵਿਧਾਨ ਸਭਾ ਦੀਆਂ ਤਿੰਨ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ ਜਦੋਂਕਿ ਪੰਜਾਬ ਵਿੱਚ ਸੰਗਰੂਰ ਸੰਸਦੀ ਸੀਟ ਤੋਂ ਸੱਤਾਧਾਰੀ ‘ਆਪ’ ਤੇ ਯੂਪੀ ਵਿੱਚ ਮੁੱਖ ਵਿਰੋਧੀ ਧਿਰ ਸਮਾਜਵਾਦੀ ਪਾਰਟੀ ਨੂੰ ਰਾਮਪੁਰ ਤੇ ਆਜ਼ਮਗੜ੍ਹ ਵਿੱਚ ਝਟਕਾ ਲੱਗਾ ਹੈ। ‘ਆਪ’ ਹਾਲਾਂਕਿ ਕੌਮੀ ਰਾਜਧਾਨੀ ਵਿੱਚ ਰਾਜਿੰਦਰ ਨਗਰ ਸੀਟ ’ਤੇ ਜਿੱਤ ਦਰਜ ਕਰਨ ਵਿੱਚ ਸਫ਼ਲ ਰਹੀ। ਆਂਧਰਾ ਪ੍ਰਦੇਸ਼ ਵਿਚ ਸੱਤਾਧਾਰੀ ਵਾਈਐੱਸਆਰ ਕਾਂਗਰਸ ਦਾ ਉਮੀਦਵਾਰ ਮੇਕਾਪਤੀ ਵਿਕਰਮ ਰੈੱਡੀ ਆਤਮਾਕੁਰੂ ਅਸੈਂਬਲੀ ਸੀਟ ਤੋਂ 82,888 ਦੇ ਫਰਕ ਨਾਲ ਜੇਤੂ ਰਿਹਾ ਜਦੋਂਕਿ ਝਾਰਖੰਡ ਵਿੱਚ ਕਾਂਗਰਸ ਉਮੀਦਵਾਰ ਸ਼ਿਲਪਾ ਨੇਹਾ ਟਿਰਕੀ ਮਾਂਡਰ ਸੀਟ ਤੋੋਂ ਜਿੱਤ ਗਈ। ਟਿਰਕੀ ਨੇ ਭਾਜਪਾ ਦੀ ਗੰਗੋਤਰੀ ਕੁਜੁਰ ਨੂੰ 23,517 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ।
ਤ੍ਰਿਪਰਾ ਦੀਆਂ ਚਾਰ ਅਸੈਂਬਲੀ ਸੀਟਾਂ ਵਿੱਚੋਂ ਤਿੰਨ ’ਤੇ ਭਾਜਪਾ ਨੇ ਜਿੱਤ ਦਰਜ ਕੀਤੀ। ਮੁੱਖ ਮੰਤਰੀ ਮਾਨਿਕ ਸਾਹਾ ਨੂੰ 17,181 ਵੋਟਾਂ ਮਿਲੀਆਂ, ਜੋ ਪੋਲ ਹੋਈਆਂ ਕੁੱਲ ਵੋਟਾਂ ਦਾ 51.63 ਫੀਸਦ ਸੀ। ਮੁੱਖ ਮੰਤਰੀ ਸਾਹਾ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਮੈਂ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਮੈਨੂੰ ਵੋਟ ਪਾਈ। ਇਹ ਭਾਜਪਾ ਵਰਕਰਾਂ ਦੀ ਜਿੱਤ ਹੈ। ਮੈਨੂੰ ਜਿੱਤ ਦਾ ਫ਼ਰਕ ਵੱਧ ਰਹਿਣ ਦੀ ਉਮੀਦ ਸੀ। ਹਾਲਾਂਕਿ ਨਤੀਜਿਆਂ ਨੇ ਸੀਪੀਆਈ(ਐੱਮ) ਤੇ ਕਾਂਗਰਸ ਵਿਚਲੀ ਸਮਝ ਨੂੰ ਬੇਨਕਾਬ ਕਰ ਦਿੱਤਾ ਹੈ।’’ ਕਾਂਗਰਸ ਉਮੀਦਵਾਰ ਸੁਦੀਪ ਰੌਏ ਬਰਮਨ ਨੇ ਅਗਰਤਲਾ ਸੀਟ 3163 ਵੋਟਾਂ ਦੇ ਫ਼ਰਕ ਨਾਲ ਜਿੱਤੀ। ਉਨ੍ਹਾਂ ਨੂੰ 17,241 ਵੋਟਾਂ ਪਈਆਂ, ਜੋ ਪੋਲ ਹੋਈਆਂ ਕੁੱਲ ਵੋਟਾਂ ਦਾ 43.46 ਫੀਸਦ ਸੀ। ਇਸ ਜਿੱਤ ਨਾਲ ਰੌਏ ਬਰਮਨ ਤ੍ਰਿਪੁਰਾ ਅਸੈਂਬਲੀ ਵਿੱਚ ਹੁਣ ਇਕੋ ਇਕ ਵਿਧਾਇਕ ਹੋਣਗੇੇ। ਸਾਲ 2018 ਦੀਆਂ ਅਸੈਂਬਲੀ ਚੋਣਾਂ ਵਿੱਚ ਕਾਂਗਰਸ ਦਾ ਮੁਕੰਮਲ ਸਫ਼ਾਇਆ ਹੋ ਗਿਆ ਸੀ। ਭਾਜਪਾ, ਸੀਪੀਆਈ(ਐੱਮ) ਦਾ ਗੜ੍ਹ ਕਹੀ ਜਾਂਦੀ ਜੁਬਰਾਜਨਗਰ ਸੀਟ ਜਿੱਤਣ ਵਿੱਚ ਸਫ਼ਲ ਰਹੀ। ਭਾਜਪਾ ਉਮੀਦਵਾਰ ਮਲੀਨਾ ਦੇਬਨਾਥ ਨੇ ਇਥੋਂ 4572 ਵੋਟਾਂ ਨਾਲ ਜਿੱਤ ਦਰਜ ਕੀਤੀ। ਦੇਬਨਾਥ ਨੂੰ 18,769 (51.83 ਫੀਸਦ) ਜਦੋਂਕਿ ਸੀਪੀਆਈ(ਐੱਮ) ਦੇ ਸ਼ੈਲੇਂਦਰ ਚੰਦਰ ਨਾਥ ਨੂੰ 14,197 ਵੋਟਾਂ (39.2 ਫੀਸਦ) ਵੋਟਾਂ ਪਈਆਂ। ਭਾਜਪਾ ਦੇ ਸਵਪਨ ਦਾਸ ਨੇ ਸੁਰਮਾ ਅਸੈਂਬਲੀ ਸੀਟ 4583 ਵੋਟਾਂ ਦੇ ਫਰਕ ਨਾਲ ਜਿੱਤੀ।
ਦਿੱਲੀ ਦੀ ਰਾਜਿੰਦਰ ਨਗਰ ਸੀਟ ਤੋਂ ‘ਆਪ’ ਉਮੀਦਵਾਰ ਦੁਰਗੇਸ਼ ਪਾਠਕ ਨੇ ਭਾਜਪਾ ਉਮੀਦਵਾਰ ਰਾਜੇਸ਼ ਭਾਟੀਆ ਨੂੰ 11 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ, ‘‘ਲੋਕਾਂ ਨੇ ਉਨ੍ਹਾਂ ਦੀ ਮਾੜੀ ਸਿਆਸਤ ਨੂੰ ਮਾਤ ਦਿੱਤੀ ਤੇ ਸਾਡੇ ਚੰਗੇ ਕੰਮਾਂ ਨੂੰ ਵਡਿਆਇਆ। ਰਾਜਿੰਦਰ ਨਗਰ ਤੇ ਦਿੱਲੀ ਦਾ ਧੰਨਵਾਦ।’’ ਉੱਤਰ ਪ੍ਰਦੇਸ਼ ਵਿੱਚ ਸੱਤਾਧਾਰੀ ਭਾਜਪਾ ਰਾਮਪੁਰ ਤੇ ਆਜ਼ਮਗੜ੍ਹ ਲੋਕ ਸਭਾ ਸੀਟਾਂ ਜਿੱਤਣ ਵਿੱਚ ਸਫ਼ਲ ਰਹੀ। ਭਾਜਪਾ ਉਮੀਦਵਾਰ ਘਣਸ਼ਿਆਮ ਲੋਧੀ ਨੇ ਰਾਮਪੁਰ ਸੰਸਦੀ ਸੀਟ 42000 ਤੋਂ ਵੱਧ ਵੋਟਾਂ ਨਾਲ ਜਿੱਤੀ। ਲੋਧੀ ਨੇ ਸਮਾਜਵਾਦੀ ਪਾਰਟੀ ਦੇ ਮੁਹੰਮਦ ਆਸਿਮ ਰਜ਼ਾ ਨੂੰ ਹਰਾਇਆ, ਜਿਨ੍ਹਾਂ ਨੂੰ ਸਪਾ ਆਗੂ ਮੁਹੰਮਦ ਆਜ਼ਮ ਖ਼ਾਨ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। 2019 ਦੀਆਂ ਲੋਕ ਸਭਾ ਚੋਣਾਂ ਮੌਕੇ ਆਜ਼ਮ ਖ਼ਾਨ ਨੇ ਇਹ ਸੀਟ ਜਿੱਤੀ ਸੀ, ਪਰ ਯੂਪੀ ਵਿਧਾਨ ਸਭਾ ਦੀਆਂ ਹਾਲੀਆ ਚੋਣਾਂ ਵਿੱਚ ਮਿਲੀ ਜਿੱਤ ਮਗਰੋਂ ਖ਼ਾਨ ਨੇ ਲੋਕ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਆਜ਼ਮਗੜ੍ਹ ਵਿੱਚ ਭਾਜਪਾ ਉਮੀਦਵਾਰ ਦਿਨੇਸ਼ ਲਾਲ ਯਾਦਵ ‘ਨਿਰਹੂਆ’ ਨੇ ਸਪਾ ਦੇ ਧਰਮੇਂਦਰ ਯਾਦਵ ਨੂੰ 8679 ਵੋਟਾਂ ਦੇ ਫ਼ਰਕ ਨਾਲ ਹਰਾਇਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜਿੱਤ ਦਾ ਸਿਹਰਾ ਭਾਜਪਾ ਦੀ ‘ਡਬਲ ਇੰਜਣ’ ਸਰਕਾਰ ਵੱਲੋਂ ਕੀਤੇ ਕੰਮਾਂ ਸਿਰ ਬੰਨ੍ਹਿਆ ਹੈ। ਇਸ ਦੌਰਾਨ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਹਰਾਉਣ ਲਈ ਉਨ੍ਹਾਂ ਦੀ ਪਾਰਟੀ ‘ਬਸਪਾ’ ਕੋਲ ਹੀ ‘ਜ਼ਮੀਨੀ ਪੱਧਰ ’ਤੇ ਤਾਕਤ’ ਮੌਜੂਦ ਹੈ। ਚੇਤੇ ਰਹੇ ਕਿ ਬਸਪਾ ਨੇ ਜ਼ਿਮਨੀ ਚੋਣਾਂ ਵਿੱਚ ਆਜ਼ਮਗੜ੍ਹ ਸੰਸਦੀ ਸੀਟ ਤੋਂ ਹੀ ਆਪਣਾ ਉਮੀਦਵਾਰ ਉਤਾਰਿਆ ਸੀ। ਬਸਪਾ ਉਮੀਦਵਾਰ ਸ਼ਾਹ ਆਲਮ ਉਰਫ਼ ਗੁੱਡੂ ਜਮਾਲੀ ਨੂੰ ਭਾਜਪਾ ਉਮੀਦਵਾਰ ਦੇ 3,12,768 ਤੇ ‘ਸਪਾ’ ਉਮੀਦਵਾਰ ਨੂੰ ਮਿਲੇ 3,04,089 ਵੋਟਾਂ ਦੇ ਮੁਕਾਬਲੇ 2,66,210 (29.7 ਫੀਸਦ) ਵੋਟ ਮਿਲੇ ਹਨ। -ਪੀਟੀਆਈ
ਤ੍ਰਿਪੁਰਾ ’ਚ ਕਾਂਗਰਸੀ ਤੇ ਭਾਜਪਾ ਵਰਕਰ ਖਹਬਿੜੇ, 19 ਜ਼ਖ਼ਮੀ
ਅਗਰਤਲਾ: ਤ੍ਰਿਪੁਰਾ ਵਿੱਚ ਜ਼ਿਮਨੀ ਚੋਣਾਂ ਦੇ ਨਤੀਜਿਆਂ ਦੇ ਐਲਾਨ ਮਗਰੋਂ ਇਥੇ ਕਾਂਗਰਸ ਭਵਨ ਦੇ ਅੱਗੇ ਕਾਂਗਰਸ ਤੇ ਭਾਜਪਾ ਹਮਾਇਤੀਆਂ ਵਿੱਚ ਝੜਪ ਹੋ ਗਈ। ਇਸ ਦੌਰਾਨ ਤ੍ਰਿਪੁਰਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਿਰਾਜੀਤ ਸਿਨਹਾ ਸਣੇ ਘੱਟੋ-ਘੱਟ 19 ਵਿਅਕਤੀ ਜ਼ਖ਼ਮੀ ਹੋ ਗਏ। ਹਜੂਮ ਨੂੰ ਖਿੰਡਾਉਣ ਲਈ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ। ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਅਗਰਤਲਾ ਜ਼ਿਮਨੀ ਚੋਣ ’ਚ ਵਿਰੋਧੀ ਪਾਰਟੀ ਦੀ ਜਿੱਤ ਮਗਰੋਂ ਕਥਿਤ ‘ਭਾਜਪਾ ਦੇ ਗੁੰਡਿਆਂ’ ਨੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ’ਤੇ ਹਮਲਾ ਕੀਤਾ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਮੰਗ ਕੀਤੀ ਕਿ ਹਮਲਾਵਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। -ਪੀਟੀਆਈ
ਆਜ਼ਮਗੜ੍ਹ ਤੇ ਰਾਮਪੁਰ ’ਚ ਭਾਜਪਾ ਦੀ ਜਿੱਤ ‘ਇਤਿਹਾਸਕ’: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਪੀ ਦੀਆਂ ਦੋ ਲੋਕ ਸਭਾ ਸੀਟਾਂ ਆਜ਼ਮਗੜ੍ਹ ਤੇ ਰਾਮਪੁਰ ਲਈ ਹੋਈ ਜ਼ਿਮਨੀ ਚੋਣ ਵਿੱਚ ਭਾਜਪਾ ਦੀ ਜਿੱਤ ਨੂੰ ‘ਇਤਿਹਾਸਕ’ ਕਰਾਰ ਦਿੱਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਹ ਜਿੱਤ ਕੇਂਦਰ ਤੇ ਯੂਪੀ ਦੀਆਂ ‘ਡਬਲ ਇੰਜਣ’ ਸਰਕਾਰਾਂ ਨੂੰ ਮਿਲੀ ਹਮਾਇਤ ਤੇ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਸਵੀਕਾਰ ਕੀਤੇ ਜਾਣ ਨੂੰ ਦਰਸਾਉਂਦੀ ਹੈ। ਸ੍ਰੀ ਮੋਦੀ ਨੇ ਲੜੀਵਾਰ ਟਵੀਟ ਕਰਦਿਆਂ ਕਿਹਾ ਕਿ ਉਹ ਤ੍ਰਿਪੁਰਾ ਦੇ ਲੋਕਾਂ ਦਾ ਵੀ ਧੰਨਵਾਦ ਕਰਦੇ ਹਨ, ਜਿਨ੍ਹਾਂ ਪਾਰਟੀ ਦੇ ਵਿਕਾਸ ਏਜੰਡੇ ’ਚ ਭਰੋਸਾ ਜਤਾਇਆ ਤੇ ਮੁੱਖ ਮੰਤਰੀ ਮਾਨਿਕ ਸਾਹਾ ਸਣੇ ਇਸ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਏ। ਸ੍ਰੀ ਮੋਦੀ ਨੇ ਕਿਹਾ, ‘‘ਸਾਡੀ ਸਰਕਾਰ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਦੇ ਰਹੇਗੀ। ਮੈਂ ਸਾਡੇ ਪਾਰਟੀ ਵਰਕਰਾਂ ਵੱਲੋਂ ਕੀਤੀ ਸਖ਼ਤ ਮਿਹਨਤ ਲਈ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼, ਝਾਰਖੰਡ, ਦਿੱਲੀ ਤੇ ਪੰਜਾਬ ਵਿੱਚ ਭਾਜਪਾ ਲਈ ਵੋਟ ਪਾਉਣ ਵਾਲਿਆਂ ਦਾ ਧੰਨਵਾਦ।’’ -ਪੀਟੀਆਈ