ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਕਰਨਾਟਕ ਤੇ ਆਂਧਰਾ ਪ੍ਰਦੇਸ਼ ਦੀਆਂ ਦੋ ਲੋਕ ਸਭਾ ਸੀਟਾਂ ਤੇ 11 ਰਾਜਾਂ ਦੀਆਂ 14 ਅਸੈਂਬਲੀ ਸੀਟਾਂ ਲਈ ਜ਼ਿਮਨੀ ਚੋਣ 17 ਅਪਰੈਲ ਨੂੰ ਹੋਵੇਗੀ। ਆਂਧਰਾ ਪ੍ਰਦੇਸ਼ੀ ਦੀ ਤਿਰੂਪਤੀ ਲੋਕ ਸਭਾ ਸੀਟ ਵਾਈਐੱਸਆਰ ਕਾਂਗਰਸ ਦੇ ਬਾਲੀ ਦੁਰਗਾਪ੍ਰਸਾਦ ਰਾਓ ਤੇ ਕਰਨਾਨਕ ਦੀ ਬੇਲਗਾਮ ਸੰਸਦੀ ਸੀਟ ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਅੰਗਾੜੀ ਦੇ ਦੇਹਾਂਤ ਕਾਰਨ ਖਾਲੀ ਹੋਈ ਹੈ। ਜਿਨ੍ਹਾਂ ਰਾਜਾਂ ਵਿੱਚ 14 ਅਸੈਂਬਲੀ ਸੀਟਾਂ ਲਈ ਜ਼ਿਮਨੀ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚ ਰਾਜਸਥਾਨ ’ਚ ਤਿੰਨ, ਕਰਨਾਟਕ ’ਚ ਦੋ ਅਤੇ ਗੁਜਰਾਤ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਿਜ਼ੋਰਮ, ਨਾਗਾਲੈਂਡ, ਉੜੀਸਾ, ਤੇਲੰਗਾਨਾ ਤੇ ਉੱਤਰਾਖੰਡ ਦੀ ਇਕ ਇਕ ਸੀਟ ਸ਼ਾਮਲ ਹੈ। ਚੇਤੇ ਰਹੇ ਕਿ ਪੱਛਮੀ ਬੰਗਾਲ ਅਸੈਂਬਲੀ ਲਈ ਪੰਜਵੇਂ ਗੇੜ ਦੀਆਂ ਚੋਣਾਂ ਵੀ ਇਸੇ ਦਿਨ (17 ਅਪਰੈਲ ਨੂੰ) ਹੋਣੀਆਂ ਹਨ। -ਪੀਟੀਆਈ