ਪਟਨਾ/ਲਖਨਊ/ਹੈਦਰਾਬਾਦ, 2 ਨਵੰਬਰ
ਛੇ ਸੂਬਿਆਂ ਦੀਆਂ ਸੱਤ ਵਿਧਾਨ ਸਭਾ ਸੀਟਾਂ ’ਤੇ ਉਪ ਚੋਣਾਂ ਲਈ ਵੋਟਿੰਗ ਭਲਕੇ ਵੀਰਵਾਰ ਨੂੰ ਹੋਵੇਗੀ। ਇਨ੍ਹਾਂ ਚੋਣਾਂ ਵਿੱਚ ਸੰਕੇਤਕ ਮੁਕਾਬਲਾ ਭਾਰਤੀ ਜਨਤਾ ਪਾਰਟੀ ਤੇ ਖੇਤਰੀ ਪਾਰਟੀਆਂ ਵਿਚਾਲੇ ਹੈ। ਹਰਿਆਣਾ ਦਾ ਆਦਮਪੁਰ ਵਿਧਾਨ ਸਭਾ ਖੇਤਰ ਪੰਜ ਦਹਾਕਿਆਂ ਤੋਂ ਭਜਨ ਲਾਲ ਦੇ ਪਰਿਵਾਰ ਦਾ ਗੜ੍ਹ ਰਿਹਾ ਹੈ ਅਤੇ ਉਹ ਇਸ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਿਹਾਰ ਵਿੱਚ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ‘ਮਹਾਗੱਠਜੋੜ’ ਦੀ ਸਰਕਾਰ ਬਣਨ ਤੋਂ ਬਾਅਦ ਇਹ ਪਹਿਲੀ ਚੋਣ ਪ੍ਰੀਖਿਆ ਹੈ। ਭਗਵਾ ਪਾਰਟੀ ਉੱਤਰ ਪ੍ਰਦੇਸ਼ ਵਿੱਚ ਗੋਲਾ ਗੋਰਖਨਾਥ ਸੀਟ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਸੱਤਾਧਾਰੀ ਬੀਜੂ ਜਨਤਾ ਦਲ ਦੇ ਕਬਜ਼ੇ ਵਾਲੇ ਉੜੀਸਾ ਵਿੱਚ ਮੌਜੂਦਾ ਵਿਧਾਇਕ ਦੇ ਦੇਹਾਂਤ ਕਾਰਨ ਖਾਲੀ ਹੋਈ ਧਾਮਨਗਰ ਸੀਟ ’ਤੇ ਹਮਦਰਦੀ ਦਾ ਲਾਹਾ ਲੈਣ ਲਈ ਮਰਹੂਮ ਵਿਧਾਇਕ ਦੇ ਪੁੱਤਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਤਿਲੰਗਾਨਾ ਦੀ ਮਨੂੰਗੋਡਾ ਸੀਟ ’ਤੇ ਭਾਜਪਾ ਅਤੇ ਸੂਬੇ ਵਿੱਚ ਕਾਬਜ਼ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਨੇ ਵਧ-ਚੜ੍ਹ ਕੇ ਪ੍ਰਚਾਰ ਕੀਤਾ ਹੈ। ਇਹ ਸੀਟ ਕਾਂਗਰਸੀ ਵਿਧਾਇਕ ਵੱਲੋਂ ਅਸਤੀਫਾ ਦਿੱਤੇ ਜਾਣ ਕਾਰਨ ਖਾਲੀ ਹੋਈ ਸੀ ਅਤੇ ਹੁਣ ਉਹ ਭਾਜਪਾ ਦੀ ਟਿਕਟ ’ਤੇ ਦੁਬਾਰਾ ਚੋਣ ਮੈਦਾਨ ’ਚ ਹੈ। -ਪੀਟੀਆਈ