ਨਵੀਂ ਦਿੱਲੀ, 8 ਦਸੰਬਰ
ਮੁੱਖ ਅੰਸ਼
- ਯੂਪੀ ਦੀ ਖਤੌਲੀ ਵਿਧਾਨ ਸਭਾ ਸੀਟ ‘ਤੇ ਆਰਐੱਲਡੀ ਤੇ ਰਾਮਪੁਰ ਸਦਰ ਤੋਂ ਭਾਜਪਾ ਨੇ ਜਿੱਤ ਹਾਸਲ ਕੀਤੀ
- ਬਿਹਾਰ ਦੀ ਕੁੜ੍ਹਨੀ ਸੀਟ ਵੀ ਭਗਵਾਂ ਪਾਰਟੀ ਨੇ ਜਿੱਤੀ
ਮੈਨਪੁਰੀ ਲੋਕ ਸਭਾ ਹਲਕੇ ਲਈ ਹੋਈ ਜ਼ਿਮਨੀ ਚੋਣ ਵਿੱਚ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਨੇ ਆਪਣੇ ਨੇੜਲੇ ਵਿਰੋਧੀ ਭਾਜਪਾ ਦੇ ਰਘੂਰਾਜ ਸਿੰਘ ਸ਼ਾਕਿਆ ਨੂੰ 2,88,461 ਵੋਟਾਂ ਦੇ ਫਰਕ ਨਾਲ ਹਰਾਇਆ। ਇਸੇ ਦੌਰਾਨ ਉੱਤਰ ਪ੍ਰਦੇਸ਼ ਦੀਆਂ ਦੋ ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ‘ਚ ਖਤੌਲੀ ਵਿਧਾਨ ਸਭਾ ਹਲਕੇ ਤੋਂ ਸਮਾਜਵਾਦੀ ਪਾਰਟੀ ਦੀ ਭਾਈਵਾਲ ਪਾਰਟੀ ਰਾਸ਼ਟਰੀ ਲੋਕ ਦਲ ਦੇ ਮਦਨ ਭਈਆ ਨੇ ਭਾਜਪਾ ਦੀ ਰਾਜਕੁਮਾਰੀ ਸੈਣੀ ਨੂੰ 22,000 ਤੋਂ ਵੱਧ ਵੋਟਾਂ ਨਾਲ ਹਰਾਇਆ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੀ ਰਾਮਪੁਰ ਸਦਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਆਕਾਸ਼ ਸਕਸੈਨਾ ਨੇ ਸਮਾਜਵਾਦੀ ਪਾਰਟੀ ਦੇ ਆਸਿਮ ਰਾਜਾ ਨੂੰ 33,702 ਵੋਟਾਂ ਦੇ ਫਰਕ ਨਾਲ ਹਰਾਇਆ। ਭਾਜਪਾ ਨੇ ਪਹਿਲੀ ਵਾਰ ਇਹ ਸੀਟ ਜਿੱਤੀ ਹੈ। ਇਸੇ ਦੌਰਾਨ ਬਿਹਾਰ ਵਿੱਚ ਭਾਜਪਾ ਨੇ ਕੁੜ੍ਹਨੀ ਵਿਧਾਨ ਸਭਾ ਸੀਟ ਜਿੱਤੀ। ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਗਿਣਤੀ ਦੇ 23 ਗੇੜਾਂ ਤੋਂ ਬਾਅਦ ਜਨਤਾ ਦਲ (ਯੂਨਾਈਟਿਡ) ਦੇ ਉਮੀਦਵਾਰ ਮਨੋਜ ਕੁਸ਼ਵਾਹਾ ਨੂੰ 3,645 ਵੋਟਾਂ ਦੇ ਫਰਕ ਨਾਲ ਹਰਾਇਆ। ਉੱਧਰ, ਕਾਂਗਰਸ ਦੇ ਅਨਿਲ ਸ਼ਰਮਾ ਨੇ ਰਾਜਸਥਾਨ ਦੀ ਸਰਦਾਰਸ਼ਹਿਰ ਅਸੈਂਬਲੀ ਸੀਟ ਤੋਂ ਜ਼ਿਮਨੀ ਚੋਣ ਜਿੱਤ ਲਈ ਹੈ। ਉਨ੍ਹਾਂ ਭਾਜਪਾ ਦੇ ਅਸ਼ੋਕ ਕੁਮਾਰ ਪਿੰਚਾ ਨੂੰ 26,580 ਵੋਟਾਂ ਦੇ ਫ਼ਰਕ ਨਾਲ ਸ਼ਿਕਸਤ ਦਿੱਤੀ।
ਇਸੇ ਤਰ੍ਹਾਂ ਛੱਤੀਸਗੜ੍ਹ ਵਿੱਚ ਵੀ ਸੱਤਾਧਾਰੀ ਕਾਂਗਰਸ ਨੇ ਭਾਨੂਪ੍ਰਤਾਪਪੁਰ ਵਿਧਾਨ ਸਭਾ ਹਲਕੇ ‘ਤੇ ਕਬਜ਼ਾ ਬਰਕਰਾਰ ਰੱਖਿਆ ਹੈ। 2018 ਅਸੈਂਬਲੀ ਚੋਣਾਂ ਮਗਰੋਂ ਭਾਜਪਾ ਦੀ ਸੂਬੇ ਵਿੱਚ ਸੱਤਾਧਾਰੀ ਕਾਂਗਰਸ ਹੱਥੋਂ ਇਹ ਉਪਰੋਥਲੀ ਪੰਜਵੀਂ ਹਾਰ ਹੈ। ਕਾਂਗਰਸ ਉਮੀਵਦਾਰ ਸਾਵਿੱਤਰੀ ਮੰਡਾਵੀ ਨੇ ਭਾਜਪਾ ਦੇ ਬ੍ਰਹਮਾਨੰਦ ਨੇਤਾਮ ਨੂੰ 27,171 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਇਸ ਦੇ ਨਾਲ ਹੀ ਉੜੀਸਾ ਦੇ ਪਦਮਪੁਰ ਵਿਧਾਨ ਸਭਾ ਹਲਕੇ ਵਿੱਚ ਕਾਬਜ਼ ਧਿਰ ਬੀਜੇਡੀ ਦੀ ਬਰਸ਼ਾ ਸਿੰਘ ਨੇ ਭਾਜਪਾ ਉਮੀਦਵਾਰ ਪ੍ਰਦੀਪ ਪੁਰੋਹਿਤ ਨੂੰ 42,679 ਵੋਟਾਂ ਦੇ ਫਰਕ ਨਾਲ ਹਰਾਇਆ। -ਪੀਟੀਆਈ