ਨਵੀਂ ਦਿੱਲੀ: ਨਵੀਂ ਕੌਮੀ ਸਿੱਖਿਆ ਨੀਤੀ (ਐੱਨਈਪੀ) ਤਹਿਤ ਸਾਲ 2030 ਤੋਂ ਅਧਿਆਪਨ ਕਾਰਜਾਂ ਲਈ ਘੱਟੋ-ਘੱਟ ਡਿਗਰੀ ਯੋਗਤਾ 4 ਸਾਲਾਂ ਇੰਟੀਗ੍ਰੇਟਡ ਬੀ.ਐੱਡ ਕੋਰਸ ਹੋਵੇਗੀ। ਇਸ ਨਿਯਮ ਦੀ ਪਾਲਣਾ ਨਾ ਕਰਨ ਵਾਲੀਆਂ ਸਿੱਖਿਆ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਐੱਨਸੀਈਆਰਟੀ, ਐੱਸਸੀਈਆਰਟੀ, ਅਧਿਆਪਕਾਂ ਤੇ ਮਾਹਿਰ ਸੰਗਠਨਾਂ ਨਾਲ ਸਲਾਹ-ਮਸ਼ਵਰੇ ਮਗਰੋਂ 2022 ਤੱਕ ‘ਨੈਸ਼ਨਲ ਕੌਂਸਿਲ ਫਾਰ ਟੀਚਰਜ਼ ਐਜੂਕੇਸ਼ਨ’ ਵੱਲੋਂ ‘ਅਧਿਆਪਕਾਂ ਲਈ ਇੱਕ ਸਾਂਝਾ ਕੌਮੀ ਪੇਸ਼ੇਵਰ ਦਰਜਾ’- ‘ਨੈਸ਼ਨਲ ਪ੍ਰੋਫੈਸ਼ਨਲ ਸਟੈਂਡਰਜ਼ ਫਾਰ ਟੀਚਰਜ਼’ (ਐੱਨਪੀਐੱਸਟੀ) ਤਿਆਰ ਕੀਤਾ ਜਾਵੇਗਾ। ਇਨ੍ਹਾਂ ਦਰਜਿਆਂ ਤਹਿਤ ਤਜਰਬੇ ਤੇ ਸਟੇਜ ਮੁਤਾਬਕ ਵੱਖੋ-ਵੱਖਰੇ ਪੱਧਰ ’ਤੇ ਇੱਕ ਅਧਿਆਪਕ ਦੀ ਭੂਮਿਕਾ ਅਤੇ ਉਸ ਸਟੇਜ ਲਈ ਲੋੜੀਂਦੀਆਂ ਯੋਗਤਾਵਾਂ ਤੈਅ ਕੀਤੀਆਂ ਜਾਣਗੀਆਂ। ਇਨ੍ਹਾਂ ਦਰਜਿਆਂ ਦਾ ਸਾਲ 2030 ’ਚ ਮੁਲਾਂਕਣ ਕੀਤਾ ਜਾਵੇਗਾ ਤੇ ਇਸ ਮਗਰੋਂ ਹਰ ਦਸ ਸਾਲ ਬਾਅਦ ਇਸ ਦੀ ਪੁਨਰ-ਸਮੀਖਿਆ ਕੀਤੀ ਜਾਵੇਗੀ। -ਪੀਟੀਆਈ