ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਮਈ
ਦਿੱਲੀ ਪੁਲੀਸ ਵੱਲੋਂ ਆਕਸੀਜਨ ਕੰਸਨਟਰੇਟਰਾਂ ਦੀ ਜ਼ਖ਼ੀਰੇਬਾਜ਼ੀ ਤੇ ਕਾਲਾਬਾਜ਼ਾਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕਾਰੋਬਾਰੀ ਨਵਨੀਤ ਕਾਲੜਾ ਤੋਂ ਪੁੱਛ-ਪੜਤਾਲ ਜਾਰੀ ਹੈ। ਅਦਾਲਤ ਵੱਲੋਂ ਦਿੱਲੀ ਪੁਲੀਸ ਨੂੰ ਦਿੱਤੇ ਗਏ ਤਿੰਨ ਦਿਨਾਂ ਰਿਮਾਂਡ ਦੇ ਪਹਿਲੇ ਦਿਨ ਨਵਨੀਤ ਕਾਲੜਾ ਨੂੰ ਅੱਜ ਖ਼ਾਨ ਮਾਰਕੀਟ ਲਿਜਾਇਆ ਗਿਆ। ਪੁਲੀਸ ਦੀ ਅਪਰਾਧ ਸ਼ਾਖਾ ਵੱਲੋਂ ਉਸ ਦੇ ਸਥਾਨਕ ਸੰਪਰਕਾਂ ਤੇ ਆਕਸੀਜਨ ਕੰਸਨਟਰੇਟਰਾਂ ਸਬੰਧੀ ਜਾਣਕਾਰੀ ਬਾਰੇ ਪਤਾ ਲਾਇਆ ਜਾ ਰਿਹਾ ਹੈ। ਪੁਲੀਸ ਉਸ ਨੂੰ ਖ਼ਾਨ ਮਾਰਕੀਟ ਦੇ ਦਿਆਲ ਆਪਟੀਕਲ ਤੇ ਹੋਰ ਥਾਵਾਂ ’ਤੇ ਲੈ ਕੇ ਗਈ। ਪੁਲੀਸ ਵੱਲੋਂ ਅੱਜ ਅਪਰਾਧ ਦ੍ਰਿਸ਼ ਮੁੜ ਸਿਰਜਿਆ ਗਿਆ ਤੇ ਇਸ ਮਾਮਲੇ ਦੇ ਕਈ ਪਹਿਲੂ ਵਿਚਾਰੇ ਗਏ। ਇਸ ਦੌਰਾਨ ਦਿੱਲੀ ਹਾਈ ਕੋਰਟ ਨੇ ਮੁਲਜ਼ਮ ਨਵਨੀਤ ਕਾਲੜਾ ਦੀ ਪੱਕੀ ਜ਼ਮਾਨਤ ਦੀ ਪਟੀਸ਼ਨ ’ਤੇ ਤੇਜ਼ੀ ਨਾਲ ਸੁਣਵਾਈ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ। ਜੱਜ ਸੁਬਰਾਮਣੀਅਮ ਪ੍ਰਸ਼ਾਦ ਦੀ ਅਗਵਾਈ ਵਾਲੇ ਬੈਂਚ ਨੇ ਜ਼ਮਾਨਤ ਅਰਜ਼ੀ ਦੇ ਸਬੰਧ ਵਿੱਚ ਹੇਠਲੀ ਅਦਾਲਤ ਵੱਲੋਂ ਕੀਤੀਆਂ ਟਿੱਪਣੀਆਂ ਵਿੱਚ ਦਖ਼ਲਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ। ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਹੇਠਲੀ ਅਦਾਲਤਾਂ ਦੀਆਂ ਟਿੱਪਣੀਆਂ ਤੇ ਮੀਡੀਆ ਰਿਪੋਰਟਿੰਗ ਬਾਰੇ ਰੁਖ਼ ਸਪੱਸ਼ਟ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਕਾਲੜਾ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਇਸ ਲਈ ਅਗਾਊਂ ਜ਼ਮਾਨਤ ਦਾ ਕੋਈ ਉਚਿਤ ਮਤਲਬ ਨਹੀਂ ਹੈ ਤੇ ਹੁਣ ਇਸ ਮਾਮਲੇ ਵਿੱਚ ਕੁਝ ਨਹੀਂ ਬਚਿਆ ਹੈ। ਕਾਰੋਬਾਰੀ ਨਵਨੀਤ ਕਾਲੜਾ ਦੇ ਵਕੀਲ ਨੇ ਪੱਕੀ ਜ਼ਮਾਨਤ ਦੀ ਪਟੀਸ਼ਨ ’ਤੇ ਤੇਜ਼ੀ ਨਾਲ ਸੁਣਵਾਈ ਕਰਨ ਦੇ ਹੁਕਮ ਦੇਣ ਤੇ ਹੇਠਲੀ ਅਦਾਲਤ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਹਟਾਉਣ ਦੀ ਅਪੀਲ ਕੀਤੀ, ਪਰ ਬੈਂਚ ਨੇ ਦੋਵਾਂ ਨੂੰ ਹੀ ਠੁਕਰਾ ਦਿੱਤਾ।