ਨਵੀਂ ਦਿੱਲੀ: ਦਿੱਲੀ ਦੀ ਅਦਾਲਤ ਨੇ ਆਕਸੀਜਨ ਕੰਸਨਟਰੇਟਰਾਂ ਦੀ ਕਾਲਾਬਾਜ਼ਾਰੀ ਦੇ ਮਾਮਲੇ ’ਚ ਕਾਰੋਬਾਰੀ ਨਵਨੀਤ ਕਾਲੜਾ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ। ਪੁਲੀਸ ਨੇ ਕਾਲੜਾ ਦੇ ਖਾਨ ਚਾਚਾ ਸਮੇਤ ਹੋਰ ਰੇਸਤਰਾਵਾਂ ਤੋਂ ਵੱਡੀ ਗਿਣਤੀ ’ਚ ਆਕਸੀਜਨ ਕੰਸਨਟਰੇਟਰ ਬਰਾਮਦ ਕੀਤੇ ਸਨ। ਚੀਫ ਮੈਟਰੋਪਾਲਿਟਨ ਜੱਜ ਅਰੁਣ ਕੁਮਾਰ ਗਰਗ ਨੇ ਜ਼ਮਾਨਤ ਦੇ ਹੁਕਮ ਦਿੰਦਿਆਂ ਨਵਨੀਤ ਕਾਲੜਾ ਨੂੰ ਨਿਰਦੇਸ਼ ਦਿੱਤੇ ਕਿ ਉਹ ਉਨ੍ਹਾਂ ਵਿਅਕਤੀਆਂ ਨਾਲ ਸੰਪਰਕ ਨਹੀਂ ਕਰੇਗਾ ਜਿਨ੍ਹਾਂ ਨੂੰ ਉਸ ਨੇ ਆਕਸੀਜਨ ਕੰਸਨਟਰੇਟਰ ਵੇਚੇ ਹਨ ਅਤੇ ਨਾ ਹੀ ਉਹ ਇਸ ਕੇਸ ਨਾਲ ਸਬੰਧਤ ਗਵਾਹਾਂ ਤੇ ਸਬੂਤਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇਗਾ। ਅਦਾਲਤ ਨੇ ਨਿਰਦੇਸ਼ ਦਿੱਤੇ ਕਿ ਪੁਲੀਸ ਵੱਲੋਂ ਸੱਦੇ ਜਾਣ ’ਤੇ ਉਸ ਨੂੰ ਜਾਂਚ ’ਚ ਵੀ ਸ਼ਾਮਲ ਹੋਣਾ ਪਵੇਗਾ। -ਪੀਟੀਆਈ