ਮੁੰਬਈ, 20 ਜਨਵਰੀ
ਮੁੰਬਈ ਅਪਰਾਧ ਸ਼ਾਖਾ ਦੀ ਸਾਈਬਰ ਪੁਲੀਸ ਨੇ ‘ਬੁਲੀ ਬਾਈ’ ਐਪ ਕੇਸ ਵਿੱਚ ਉੜੀਸਾ ਦੇ 28 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਐਪ ਜ਼ਰੀਏ ਮੁਸਲਿਮ ਔਰਤਾਂ ਨੂੰ ਨਿਸ਼ਾਨਾ ਬਣਾਉਂਦਿਆਂ ‘ਨਿਲਾਮੀ’ ਲਈ ਉਨ੍ਹਾਂ ਦੀਆਂ ਤਸਵੀਰਾਂ ਨੂੰ ਆਨਲਾਈਨ ਕੀਤਾ ਗਿਆ ਸੀ। ਇਸ ਦੌਰਾਨ ਮੁੰਬਈ ਦੀ ਕੋਰਟ ਨੇ ਇਸੇ ਕੇਸ ਵਿੱਚ ਗ੍ਰਿਫ਼ਤਾਰ ਤਿੰਨ ਵਿਦਿਆਰਥੀਆਂ ਵਿਸ਼ਾਲ ਕੁਮਾਰ ਝਾਅ, ਸ਼ਵੇਤਾ ਸਿੰਘ ਤੇ ਮਾਯੰਕ ਰਾਵਤ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਉਧਰ ਦਿੱਲੀ ਤੋਂ ਟਰਾਂਜ਼ਿਟ ਰਿਮਾਂਡ ’ਤੇ ਲਿਆਂਦੇ ਕੇਸ ਦੇ ਮੁੱਖ ਸਾਜ਼ਿਸ਼ਘਾੜੇ ਨੀਰਜ ਬਿਸ਼ਨੋਈ ਤੇ ਇਕ ਹੋਰ ਮੁਲਜ਼ਮ ਓਮਕਰੇਸ਼ਵਰ ਠਾਕੁਰ ਨੂੰ ਕੋਰਟ ਨੇ 27 ਜਨਵਰੀ ਤੱਕ ਪੁਲੀਸ ਰਿਮਾਂਡ ਵਿੱਚ ਭੇਜ ਦਿੱਤਾ ਹੈ।
ਜਾਂਚ ਅਧਿਕਾਰੀ ਨੇ ਕਿਹਾ ਕਿ ਉੜੀਸਾ ਤੋਂ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਨੀਰਜ ਸਿੰਘ ਵਜੋਂ ਹੋਈ ਹੈ, ਜੋ ਐੱਮਬੀਏ ਗ੍ਰੈਜੂਏਟ ਹੈ। ਉਸ ਨੇ ਮੁੱਖ ਮੁਲਜ਼ਮ ਨਾਲ ਮਿਲ ਕੇ ਇਸ ਐਪ ਦੀ ਯੋਜਨਾਬੰਦੀ ਕੀਤੀ ਸੀ। ਅਧਿਕਾਰੀ ਨੇ ਕਿਹਾ, ‘‘ਪਹਿਲਾਂ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਕੀਤੀ ਪੁੱਛ-ਪੜਤਾਲ ਦੌਰਾਨ ਉਸ ਦੀ ਭੂਮਿਕਾ ਸਾਹਮਣੇ ਆਈ ਸੀ। ਇਸ ਮਗਰੋਂ ਸਾਈਬਰ ਪੁਲੀਸ ਸਟੇਸ਼ਨ ਦੀ ਟੀਮ ਨੂੰ ਉੜੀਸਾ ਭੇਜ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।’’ ਸਿੰਘ ਨੂੰ ਮੁੰਬਈ ਲਿਆ ਕੇ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਸਿੰਘ ਤੇ ਦੋ ਹੋਰਨਾਂ ਦੀ ਗ੍ਰਿਫ਼ਤਾਰੀ ਨਾਲ ਮੁੰਬਈ ਪੁਲੀਸ ਹੁਣ ਤੱਕ ਇਸ ਕੇਸ ਵਿੱਚ ਛੇ ਵਿਅਕਤੀਆਂ ਨੂੰ ਕਾਬੂ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਸ਼ਵੇਤਾ ਸਿੰਘ(18) ਤੇ ਮਾਯੰਕ ਰਾਵਲ (21) ਨੂੰ ਉੱਤਰਾਖੰਡ ਜਦੋਂਕਿ ਇੰਜਨੀਅਰਿੰਗ ਦੇ ਵਿਦਿਆਰਥੀ ਵਿਸ਼ਾਲ ਕੁਮਾਰ ਝਾਅ (21) ਨੂੰ ਬੰਗਲੂਰੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਨੀਰਜ ਬਿਸ਼ਨੋਈ ਤੇ ਓਮਕਰੇਸ਼ਵਰ ਠਾਕੁਰ ਨੂੰ ਅੱਜ ਟਰਾਂਜ਼ਿਟ ਰਿਮਾਂਡ ’ਤੇ ਲਿਆ ਕੇ ਮੁੰਬਈ ਸਾਈਬਰ ਸੈੱਲ ਪੁਲੀਸ ਨੇ ਕੋਰਟ ਵਿੱਚ ਪੇਸ਼ ਕੀਤਾ। ਕੋਰਟ ਨੇ ਪੁਲੀਸ ਨੂੰ ਦੋਵਾਂ ਦਾ 27 ਜਨਵਰੀ ਤੱਕ ਰਿਮਾਂਡ ਦੇ ਦਿੱਤਾ ਹੈ। ਠਾਕੁਰ ਨੂੰ ‘ਸੁਲੀ’ ਡੀਲਜ਼ ਐਪ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ, ਜਿਸ ਨੇ ਬਿਸ਼ਨੋਈ ਨੂੰ ਅਸਾਮ ਤੋਂ ਗ੍ਰਿਫ਼ਤਾਰ ਕੀਤਾ ਹੈ, ਨੇ ਦਾਅਵਾ ਕੀਤਾ ਸੀ ਕਿ ਉਹ ਬੁਲੀ ਬਾਈ ਐਪ ਦਾ ਮੁੱਖ ਸਾਜ਼ਿਸ਼ਘਾੜਾ ਹੈ। ਮੁੰਬਈ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਐੱਫਆਈਆਰ ਦਰਜ ਕਰਨ ਮਗਰੋਂ ਦਾਅਵਾ ਕੀਤਾ ਸੀ ਕਿ ਇਸ ਐਪ ਜ਼ਰੀਏ ਭਾਵੇਂ ਕੋਈ ‘ਨਿਲਾਮੀ’ ਜਾਂ ‘ਖ਼ਰੀਦੋ ਫਰੋਖ਼ਤ’ ਨਹੀਂ ਹੋਈ, ਪਰ ਇਸ ਐਪ ਦਾ ਮੁੱਖ ਮਕਸਦ ਇਕ ਖਾਸ ਫਿਰਕੇ ਦੀਆਂ ਔਰਤਾਂ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਸਰਗਰਮ ਸੋਸ਼ਲ ਮੀਡੀਆ ਵਰਤੋਂਕਾਰ ਹਨ, ਨੂੰ ਜ਼ਲੀਲ ਕਰਨਾ ਤੇ ਧਮਕਾਉਣਾ ਸੀ। -ਪੀਟੀਆਈ