ਨਵੀਂ ਦਿੱਲੀ, 3 ਜਨਵਰੀ
ਘੱਟ ਗਿਣਤੀ ਫਿਰਕੇ ਦੀਆਂ ਮਹਿਲਾਵਾਂ ਦੀਆਂ ਤਸਵੀਰਾਂ ‘ਨਿਲਾਮੀ’ ਲਈ ‘ਬੁਲੀ ਬਾਈ’ ਐਪ ’ਤੇ ਸਾਂਝੀਆਂ ਕਰਨ ਦਾ ਵਿਵਾਦ ਭਖਣ ਮਗਰੋਂ ਦਿੱਲੀ ਪੁਲੀਸ ਨੇ ਗਿਟਹੱਬ ਤੋਂ ਐਪ ਬਣਾਉਣ ਵਾਲੇ ਦੇ ਵੇਰਵੇ ਮੰਗੇ ਹਨ। ਪੁਲੀਸ ਨੇ ਐਪ ਬਾਰੇ ਪਹਿਲੀ ਪੋਸਟ ਪਾਉਣ ਵਾਲੇ ਦੀ ਜਾਣਕਾਰੀ ਹਾਸਲ ਕਰਨ ਲਈ ਟਵਿੱਟਰ ਨੂੰ ਵੀ ਚਿੱਠੀ ਲਿਖੀ ਹੈ। ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਟਵਿੱਟਰ ਨੂੰ ਕਿਹਾ ਹੈ ਕਿ ਉਹ ‘ਬੁਲੀ ਬਾਈ’ ਐਪ ਤੋਂ ਸਾਂਝੀ ਕੀਤੀ ਗਈ ਇਤਰਾਜ਼ਯੋਗ ਸਮੱਗਰੀ ਨੂੰ ਬਲਾਕ ਕਰੇ ਅਤੇ ਸਾਈਟ ਤੋਂ ਹਟਾ ਦੇਵੇ। ਦਿੱਲੀ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਕ ਖਾਸ ਫਿਰਕੇ ਦੀਆਂ ਮਹਿਲਾਵਾਂ ਬਾਰੇ ਇਤਰਾਜ਼ਯੋਗ ਸਮੱਗਰੀ ਐਪਲੀਕੇਸ਼ਨ ’ਤੇ ਪਾਉਣ ਵਾਲੇ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਗਿਟਹੱਬ ਪਲੈਟਫਾਰਮ ਨੂੰ ਵੀ ਐਪ ਵਿਕਸਤ ਕਰਨ ਵਾਲੇ ਦੇ ਵੇਰਵੇ ਸਾਂਝੇ ਕਰਨ ਲਈ ਆਖਿਆ ਹੈ। ਜਦੋਂ ਇਹ ਮਾਮਲਾ ਜ਼ਿਆਦਾ ਭਖ ਗਿਆ ਤਾਂ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਤਵਾਰ ਨੂੰ ਕਿਹਾ ਸੀ ਕਿ ਸਰਕਾਰ ਦਿੱਲੀ ਅਤੇ ਮੁੰਬਈ ਪੁਲੀਸ ਨਾਲ ਮਿਲ ਕੇ ਕਾਰਵਾਈ ਕਰ ਰਹੀ ਹੈ। ਗਿਟਹੱਬ ਨੇ ਐਪ ਅਪਲੋਡ ਕਰਨ ਵਾਲੇ ਯੂਜ਼ਰ ਨੂੰ ਪਹਿਲਾਂ ਹੀ ਬਲਾਕ ਕਰ ਦਿੱਤਾ ਸੀ।
ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਸ਼ਨਿਚਰਵਾਰ ਰਾਤ ਨੂੰ ਦਿੱਲੀ ਪੁਲੀਸ ਨੇ ਮਹਿਲਾ ਪੱਤਰਕਾਰ ਦੀ ਤਸਵੀਰ ਵੈੱਬਸਾਈਟ ’ਤੇ ਅਪਲੋਡ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ। ਪੱਤਰਕਾਰ ਨੇ ਆਨਲਾਈਨ ਸ਼ਿਕਾਇਤ ਦਰਜ ਕਰਵਾਉਂਦਿਆਂ ਟਵਿੱਟਰ ਦੀ ਕਾਪੀ ਸਾਂਝੀ ਕੀਤੀ ਸੀ। ਇਹ ਕੇਸ ਦੱਖਣ-ਪੂਰਬੀ ਜ਼ਿਲ੍ਹੇ ਦੇ ਸਾਈਬਰ ਪੁਲੀਸ ਸਟੇਸ਼ਨ ’ਚ ਦਰਜ ਕੀਤਾ ਗਿਆ ਹੈ ਅਤੇ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਜੁਲਾਈ ’ਚ ਦਿੱਲੀ ਪੁਲੀਸ ਦੇ ਸਾਈਬਰ ਸੈੱਲ ਨੇ ਘੱਟ ਗਿਣਤੀ ਫਿਰਕੇ ਦੀਆਂ ਮਹਿਲਾਵਾਂ ਦੀਆਂ ਤਸਵੀਰਾਂ ‘ਸੁੱਲੀ ਡੀਲਜ਼’ ਮੋਬਾਈਲ ਐਪ ’ਤੇ ਅਪਲੋਡ ਕਰਨ ਦੇ ਮਾਮਲੇ ’ਚ ਸ਼ਿਕਾਇਤ ਮਿਲਣ ’ਤੇ ਕੇਸ ਦਰਜ ਕੀਤਾ ਸੀ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ’ਚ ਵੀ ਜਾਂਚ ਜਾਰੀ ਹੈ ਪਰ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ
ਫਿਰਕੂ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ: ਨਕਵੀ
ਨਵੀਂ ਦਿੱਲੀ: ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਮੁਖਤਾਰ ਅੱਬਾਸ ਨਕਵੀ ਨੇ ‘ਬੁਲੀ ਬਾਈ’ ਐਪ ਮਾਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੁਲਕ ਦੇ ਸਾਂਝੇ ਸੱਭਿਆਚਾਰ ਖ਼ਿਲਾਫ਼ ਕੋਈ ਵੀ ਸਾਈਬਰ ਅਪਰਾਧਿਕ ਫਿਰਕੂ ਸਾਜ਼ਿਸ਼ ਕਾਮਯਾਬ ਨਹੀਂ ਹੋਵੇਗੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ’ਚ ਕਾਰਵਾਈ ਕਰ ਰਹੀ ਹੈ ਅਤੇ ਮਹਿਲਾਵਾਂ ਨੂੰ ਇੰਜ ਨਿਸ਼ਾਨਾ ਬਣਾਉਣਾ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਫਿਰਕੂ ਸਾਜ਼ਿਸ਼ ਦਾ ਛੇਤੀ ਹੀ ਪਰਦਾਫਾਸ਼ ਕੀਤਾ ਜਾਵੇਗਾ। ਸ੍ਰੀ ਨਕਵੀ ਨੇ ਕਿਹਾ ਕਿ ਭਾਰਤ ਨੂੰ ਬਦਨਾਮ ਕਰਨ ਲਈ ਕੁਝ ਲੋਕਾਂ ਨੇ ਨਾਪਾਕ ਸਾਜ਼ਿਸ਼ ਘੜੀ ਹੈ ਪਰ ਮੁਲਕ ਅਜਿਹੀਆਂ ਤਾਕਤਾਂ ਨੂੰ ਉਨ੍ਹਾਂ ਦੇ ਇਰਾਦਿਆਂ ’ਚ ਸਫ਼ਲ ਨਹੀਂ ਹੋਣ ਦੇਵੇਗਾ। ਇਸ ਦੌਰਾਨ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਵੀ ਘੱਟ ਗਿਣਤੀ ਫਿਰਕੇ ਦੀਆਂ ਮਹਿਲਾਵਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਜੇਕਰ ਸੂਬੇ ’ਚ ਐਪ ਬਣਾਉਣ ਵਾਲਿਆਂ ਖ਼ਿਲਾਫ਼ ਕੋਈ ਸ਼ਿਕਾਇਤ ਮਿਲੇਗੀ ਤਾਂ ਉਸ ਖ਼ਿਲਾਫ਼ ਜ਼ਰੂਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ’ਚ ਮਹਿਲਾਵਾਂ ਨੂੰ ਹਮੇਸ਼ਾ ਆਦਰ-ਸਨਮਾਨ ਦਿੱਤਾ ਜਾਂਦਾ ਹੈ ਅਤੇ ‘ਤੀਹਰੇ ਤਲਾਕ’ ਤੇ ਪਾਬੰਦੀ ਲਈ ਕਾਨੂੰਨ ਇਸੇ ਲਈ ਲਿਆਂਦਾ ਗਿਆ ਹੈ ਤਾਂ ਜੋ ਘੱਟ ਗਿਣਤੀ ਫਿਰਕੇ ਦੀਆਂ ਮਹਿਲਾਵਾਂ ਨੂੰ ਕੋਈ ਪ੍ਰੇਸ਼ਾਨ ਨਾ ਕਰ ਸਕੇ। ਉਧਰ, ਕਾਂਗਰਸ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਨੇ ਆਨਲਾਈਨ ਐਪ ’ਤੇ ਘੱਟ ਗਿਣਤੀ ਫਿਰਕੇ ਦੀਆਂ ਮਹਿਲਾਵਾਂ ਨੂੰ ਬੇਇੱਜ਼ਤ ਕੀਤੇ ਜਾਣ ਦੀ ਨਿੰਦਾ ਕਰਦਿਆਂ ਦਾਅਵਾ ਕੀਤਾ ਕਿ ਇਹ ਭਾਜਪਾ ਵੱਲੋਂ ਘੱਟ ਗਿਣਤੀਆਂ ਦੇ ਵਾਰ ਵਾਰ ‘ਅਮਾਨਵੀਕਰਨ’ ਦਾ ਨਤੀਜਾ ਹੈ। ਉਨ੍ਹਾਂ ਆਸ ਜਤਾਈ ਕਿ ਇਸ ਮਾਮਲੇ ’ਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਟਵੀਟ ਕਰਕੇ ਸਵਾਲ ਉਠਾਇਆ ਕਿ ਅਜਿਹੇ ਮਾਮਲਿਆਂ ਨਾਲ ਜੁੜੇ ਪੁਰਾਣੇ ਕੇਸਾਂ ਨੂੰ ਅਣਗੌਲਿਆ ਕਿਉਂ ਕੀਤਾ ਗਿਆ। -ਪੀਟੀਆਈ
ਦਿੱਲੀ ਮਹਿਲਾ ਕਮਿਸ਼ਨ ਵੱਲੋਂ ਪੁਲੀਸ ਤਲਬ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਮਹਿਲਾ ਕਮਿਸ਼ਨ ਨੇ ‘ਬੁਲੀ ਬਾਈ’ ਐਪ ਮਾਮਲੇ ’ਚ ਦਿੱਲੀ ਪੁਲੀਸ ਦੇ ਸਾਈਬਰ ਕ੍ਰਾਈਮ ਸੈੱਲ ਨੂੰ 6 ਜਨਵਰੀ ਨੂੰ ਤਲਬ ਕੀਤਾ ਹੈ। ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਦੱਸਿਆ ਕਿ ਘੱਟ ਗਿਣਤੀ ਫਿਰਕੇ ਦੀਆਂ ਮਹਿਲਾਵਾਂ ਦੀਆਂ ਤਸਵੀਰਾਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਐਪ ’ਤੇ ਅਪਲੋਡ ਕਰਨ ਸੰਬੰਧੀ ਮੀਡੀਆ ਰਿਪੋਰਟਾਂ ਦਾ ਉਨ੍ਹਾਂ ਖੁਦ ਹੀ ਨੋਟਿਸ ਲਿਆ ਹੈ। ਕਮਿਸ਼ਨ ਨੇ ਦਿੱਲੀ ਪੁਲੀਸ ਨੂੰ ‘ਸੁੱਲੀ ਡੀਲਜ਼’ ਅਤੇ ‘ਬੁਲੀ ਬਾਈ’ ਦੋਵੇਂ ਮਾਮਲਿਆਂ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ ਹੈ। ਉਨ੍ਹਾਂ ਐਪ ਖਿਲਾਫ਼ ਕੀਤੀ ਗਈ ਕਾਰਵਾਈ ਅਤੇ ‘ਗਿਟਹੱਬ’ ਵਰਗੇ ਪਲੇਟਫਾਰਮਾਂ ਨੂੰ ਭਵਿੱਖ ਵਿੱਚ ਅਜਿਹੀ ਅਪਮਾਨਜਨਕ ਅਤੇ ਗੈਰ-ਕਾਨੂੰਨੀ ਸਮੱਗਰੀ ਅਪਲੋਡ ਨਾ ਕਰਨ ਤੋਂ ਰੋਕਣ ਲਈ ਚੁੱਕੇ ਗਏ ਕਦਮਾਂ ਦੇ ਵੇਰਵੇ ਵੀ ਮੰਗੇ ਹਨ। ਮਾਲੀਵਾਲ ਨੇ ਕਿਹਾ ਕਿ ਇਹ ਘਟਨਾਵਾਂ ਦਿੱਲੀ ਪੁਲੀਸ ਦੀ ਬੇਰੁਖੀ ਕਾਰਨ ਵਾਪਰ ਰਹੀਆਂ ਹਨ।