ਨੋਇਡਾ, 8 ਅਗਸਤ
ਉੱਤਰ ਪ੍ਰਦੇਸ਼ ਸਰਕਾਰ ਨੇ ਫ਼ਰਾਰ ਸਿਆਸਤਦਾਨ ਸ੍ਰੀਕਾਂਤ ਤਿਆਗੀ ਦੇ ਨੋਇਡਾ ਹਾਊਸਿੰਗ ਸੁਸਾਇਟੀ ਵਿਚਲੇ ਫਲੈਟ ਦੇ ਬਾਹਰ ਬੁਲਡੋਜ਼ਰ ਚਲਾਉਂਦਿਆਂ ਅੱਜ ਨਾਜਾਇਜ਼ ਉਸਾਰੀਆਂ ਢਾਹ ਦਿੱਤੀਆਂ ਗਈਆਂ। ਸੁਸਾਇਟੀ ਦੀ ਮਹਿਲਾ ਵਸਨੀਕ ਨਾਲ ਬਦਸਲੂਕੀ ਤੇ ਹਮਲਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਤਿਆਗੀ ਇਸ ਵੇਲੇ ਫਰਾਰ ਹੈ ਤੇ ਉਸ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਧਰ ਯੂਪੀ ਪੁਲੀਸ ਨੇ ਇਸ ਮਾਮਲੇ ’ਚ ਅਣਗਹਿਲੀ ਵਰਤਣ ਵਾਲੇ ਛੇ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਜਦੋਂਕਿ ਤਿਆਗੀ ਖਿਲਾਫ਼ ਸ਼ਿਕਾਇਤ ਦੇਣ ਵਾਲੀ ਮਹਿਲਾ ਨੂੰ ਸੁਰੱਖਿਆ ਦਿੱਤੀ ਗਈ ਹੈ। ਸਰਕਾਰੀ ਅਧਿਕਾਰੀ ਨੇ ਕਿਹਾ ਕਿ ਨੋਇਡਾ ਅਥਾਰਿਟੀ ਨੇ ਅੱਜ ਸਵੇਰੇ 93ਬੀ ਸੈਕਟਰ ਵਿੱਚ ਗਰੈਂਡ ਓਮੈਕਸ ਸੁਸਾਇਟੀ ਵਿਚਲੇ ਤਿਆਗੀ ਦੇ ਗਰਾਊਂਡ ਫਲੋਰ ’ਤੇ ਬਣੇ ਫਲੈਟ ਦੇ ਬਾਹਰ ਗੈਰਕਾਨੂੰਨੀ ਢਾਂਚੇ ਨੂੰ ਢਾਹ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਸੀ। ਸੁਸਾਇਟੀ ਦੇ ਲੋਕਾਂ ਨੇ ਪ੍ਰਸ਼ਾਸਨ ਦੀ ਕਾਰਵਾਈ ’ਤੇ ਖ਼ੁਸ਼ੀ ਜਤਾਉਂਦਿਆਂ ਲੱਡੂ ਵੀ ਵੰਡੇ। -ਪੀਟੀਆਈ
ਕਾਰਵਾਈ ਮਹਿਜ਼ ਲੋਕ ਵਿਖਾਵਾ: ਪ੍ਰਿਯੰਕਾ ਗਾਂਧੀ
ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਯੂਪੀ ਸਰਕਾਰ ਵੱਲੋਂ ਸਿਆਸਤਦਾਨ ਸ਼੍ਰੀਕਾਂਤ ਤਿਆਗੀ ਖਿਲਾਫ਼ ਕੀਤੀ ‘ਬੁਲਡੋਜ਼ਰ’ ਕਾਰਵਾਈ ਨੂੰ ਮਹਿਜ਼ ਲੋਕ ਵਿਖਾਵਾ ਕਰਾਰ ਦਿੱਤਾ ਹੈ। ਪ੍ਰਿਯੰਕਾ ਨੇ ਟਵੀਟ ਕੀਤਾ, ‘‘ਕੀ ਇੰਨੇ ਸਾਲਾਂ ਤੋਂ ਭਾਜਪਾ ਨੂੰ ਨਹੀਂ ਪਤਾ ਸੀ ਕਿ ਨੋਇਡਾ ਭਾਜਪਾ ਆਗੂ ਵੱਲੋਂ ਕੀਤੀ ਉਸਾਰੀ ਨਾਜਾਇਜ਼ ਸੀ? ਬੁਲਡੋਜ਼ਰ ਕਾਰਵਾਈ ਤਾਂ ਮਹਿਜ਼ ਲੋਕ ਵਿਖਾਵਾ ਹੈ। ਸਰਕਾਰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਤੋਂ ਟਾਲਾ ਵੱਟ ਰਹੀ ਹੈ।’’ ਕਾਂਗਰਸ ਦੀ ਜਨਰਲ ਸਕੱਤਰ ਨੇ ਕਿਹਾ, ‘‘ਇਕ ਮਹਿਲਾ ਨਾਲ ਬਦਸਲੂਕੀ ਕਰਨ ਤੇ 10-15 ਗੁੰਡੇ ਭੇਜ ਕੇ ਖੁੱਲ੍ਹੇਆਮ ਧਮਕੀਆਂ ਦੇਣ ਦੀ ਦੀ ਹਿੰਮਤ ਉਸ ਨੂੰ ਕੌਣ ਦੇ ਰਿਹੈ? ਉਸ ਨੂੰ ਕੌਣ ਬਚਾਅ ਰਿਹੈ?’’ ਪ੍ਰਿਯੰਕਾ ਨੇ ਸਵਾਲ ਕੀਤਾ ਕਿ ਕਿਸ ਦੀ ਸਰਪ੍ਰਸਤੀ ਹੇਠ ਇਹ ਗੁੰਡਾਗਰਦੀ ਤੇ ਗੈਰਕਾਨੂੰਨੀ ਕਾਰੋਬਾਰ ਵੱਧ ਫੁਲ ਰਿਹੈ। -ਪੀਟੀਆਈ