ਵਾਰਾਨਸੀ, 11 ਅਗਸਤ
ਇੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇਕ ਸਥਾਨਕ ਭਾਜਪਾ ਆਗੂ ਦੀ ਕਥਿਤ ਤੌਰ ’ਤੇ ਨਾਜਾਇਜ਼ ਉਸਾਰੀ ਬੁਲਡੋਜ਼ਰ ਨਾਲ ਢਹਿ-ਢੇਰੀ ਕਰ ਦਿੱਤੀ। ਭਾਜਪਾ ਆਗੂ ਦਾ ਇਹ ‘ਗ਼ੈਰਕਾਨੂੰਨੀ’ ਦਫ਼ਤਰ ਇਕ ਰਿਹਾਇਸ਼ੀ ਸੁਸਾਇਟੀ ਵਿਚ ਸੀ। ਸੁਸਾਇਟੀ ਦੀਆਂ ਮਹਿਲਾਵਾਂ ਨੇ ਪ੍ਰਸ਼ਾਸਨ ਨੂੰ ਇਸ ਨਾਜਾਇਜ਼ ਉਸਾਰੀ ਬਾਰੇ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੋ ਦਿਨ ਪਹਿਲਾਂ ਇਸ ਗੈਰਕਾਨੂੰਨੀ ਉਸਾਰੀ ਖ਼ਿਲਾਫ਼ ਰੋਸ ਮੁਜ਼ਾਹਰਾ ਵੀ ਕੀਤਾ ਸੀ। ਭਾਜਪਾ ਦੀ ਜ਼ਿਲ੍ਹਾ ਇਕਾਈ ਦੇ ਉਪ ਪ੍ਰਧਾਨ ਸਤਿਆ ਪ੍ਰਕਾਸ਼ ਸਿੰਘ ਉਰਫ਼ ਅਖੰਡ ਸਿੰਘ ’ਤੇ ਸੁਸਾਇਟੀ ਦੀ ਜ਼ਮੀਨ ਉਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਵਾਰਾਨਸੀ ਵਿਕਾਸ ਅਥਾਰਿਟੀ ਦੇ ਜ਼ੋਨਲ ਅਧਿਕਾਰੀ ਨੇ ਦੱਸਿਆ ਕਿ ਭਾਜਪਾ ਆਗੂ ਨੇ ਸਿਕਰੌਲ ਦੀ ਵਰੁਣ ਐਨਕਲੇਵ ਸੁਸਾਇਟੀ ਵਿਚ ਗੁਪਤ ਢੰਗ ਨਾਲ ਗੈਰਕਾਨੂੰਨੀ ਉਸਾਰੀ ਕਰਵਾ ਲਈ ਸੀ ਜਿਸ ਨੂੰ ਅਥਾਰਿਟੀ ਦੇ ਉਪ ਚੇਅਰਮੈਨ ਦੀਆਂ ਹਦਾਇਤਾਂ ਉਤੇ ਢਾਹ ਦਿੱਤਾ ਗਿਆ। ਅਥਾਰਿਟੀ ਦੀ ਉਪ ਚੇਅਰਮੈਨ ਈਸ਼ਾ ਡੁਹਨ ਨੇ ਦੱਸਿਆ ਕਿ ਸਿਆਸੀ ਆਗੂ ਨੇ ਇਕ ਕਮਰਾ ਗੈਰਕਾਨੂੰਨੀ ਢੰਗ ਨਾਲ ਬਣਾ ਲਿਆ ਸੀ। ਇਸ ਖ਼ਿਲਾਫ਼ ਉਨ੍ਹਾਂ ਨੂੰ ਜੂਨ ਦੇ ਪਹਿਲੇ ਹਫ਼ਤੇ ਇਕ ਸ਼ਿਕਾਇਤ ਮਿਲੀ ਸੀ। ਅਥਾਰਿਟੀ ਦੀ ਟੀਮ ਨੇ ਮੌਕੇ ਉਤੇ ਜਾ ਕੇ ਮਾਮਲੇ ਦੀ ਜਾਂਚ ਕੀਤੀ ਸੀ। ਇਸ ਤੋਂ ਬਾਅਦ ਉਸਾਰੀ ਨੂੰ ਢਾਹੁਣ ਦੇ ਹੁਕਮ ਦਿੱਤੇ ਗਏ ਸਨ ਤੇ ਇਸ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਗਿਆ ਸੀ। -ਪੀਟੀਆਈ