ਮੁੰਬਈ, 14 ਜੁਲਾਈ
ਇਕ ਤੀਜਾ ਫ਼ਰੰਟ ਬਣਾਉਣ ਦੀਆਂ ਸੰਭਾਵਨਾਵਾਂ ਵਿਚਾਲੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਖ਼ਿਲਾਫ਼ ਚੋਣ ਮੈਦਾਨ ’ਚ ਉਤਾਰਨ ਲਈ ਇਕ ਚਿਹਰੇ ’ਤੇ ਸਹਿਮਤੀ ਬਣਾਉਣਾ ਇਕ ਵੱਡਾ ਕੰਮ ਹੈ ਜੋ ਉਨ੍ਹਾਂ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰੇਕ ਖੇਤਰੀ ਪਾਰਟੀ ਆਪਣੇ ਆਪ ਨੂੰ ਇਕ ਰਾਜਾ ਸਮਝਦੀ ਹੈ ਅਤੇ ਜਿੱਤ ਹਾਸਲ ਹੋਣ ’ਤੇ ਸਰਕਾਰ ਦੇ ਕਾਰਜਕਾਲ ਦੀ ਅਗਵਾਈ ਕਰਨਾ ਚਾਹੁੰਦੀ ਹੈ।
ਇਹ ਪੁੱਛਣ ’ਤੇ ਕਿ ਕੀ ਉਹ ਚਿਹਰਾ ਸ਼ਰਦ ਪਵਾਰ ਹੋ ਸਕਦੇ ਹਨ, ’ਤੇ ਸ੍ਰੀ ਰਾਊਤ ਨੇ ਕਿਹਾ ਕਿ ਐੱਨਸੀਪੀ ਮੁਖੀ ਦੇਸ਼ ਦੇ ਇਕ ਸੀਨੀਅਰ ਆਗੂ ਹਨ ਪਰ ਇਸ ਦੇ ਨਾਲ ਹੀ ਕੁਝ ਲੋਕ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਬਾਰੇ ਵੀ ਸੋਚ ਰਹੇ ਹਨ।
ਦਿੱਲੀ ਵਿਚ ਇਕ ਖੇਤਰੀ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਸ੍ਰੀ ਰਾਊਤ ਨੇ ਕਿਹਾ, ‘‘ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਇਕ ਅਜਿਹੀ ਸ਼ਖ਼ਸੀਅਤ ਦੇ ਨਾਂ ਲਈ ਸਹਿਮਤੀ ਬਣਾਉਣਾ ਜਿਸ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਖ਼ਿਲਾਫ਼ ਚੋਣ ਮੈਦਾਨ ਵਿਚ ਉਤਾਰਿਆ ਜਾ ਸਕੇ, ਕਾਫੀ ਔਖਾ ਕੰਮ ਹੈ।’’ ਉਨ੍ਹਾਂ ਕਿਹਾ, ‘‘ਸਾਨੂੰ ਇਕ ਅਜਿਹੇ ਚਿਹਰੇ ਦੀ ਲੋੜ ਹੈ ਜੋ ਕਿ ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਚੁਣੌਤੀ ਦੇ ਸਕੇ ਜਿਵੇਂ ਕਿ ਐਮਰਜੈਂਸੀ ਤੋਂ ਬਾਅਦ ਹੋਈਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧਾ ਨੂੰ ਜੈਪ੍ਰਕਾਸ਼ ਨਾਰਾਇਣ ਨੇ ਦਿੱਤੀ ਸੀ। ਉਸ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਵੀ.ਪੀ. ਸਿੰਘ ਨੇ ਦਿੱਤੀ ਅਤੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਨਰਿੰਦਰ ਮੋਦੀ ਨੇ ਚੁਣੌਤੀ ਦਿੱਤੀ ਸੀ। -ਪੀਟੀਆਈ