ਨਵੀਂ ਦਿੱਲੀ, 13 ਨਵੰਬਰ
ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਕੇਂਦਰੀ ਬਜਟ 2021-22 ਬਾਰੇ ਸਨਅਤੀ ਸੰਗਠਨਾਂ ਅਤੇ ਮਾਹਿਰਾਂ ਦੇ ਸੁਝਾਅ ਪ੍ਰਾਪਤ ਕਰਨ ਲਈ ਆਮ ਵਾਂਗ ਬੈਠਕਾਂ ਕਰਨ ਦੀ ਬਜਾਏ ਸਮਰਪਿਤ ਈ-ਮੇਲ ਆਈਡੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਆਗਾਮੀ ਬਜਟ ਲਈ ਲੋਕਾਂ ਦੇ ਵਿਚਾਰ ਪ੍ਰਾਪਤ ਕਰਨ ਲਈ ਸਰਕਾਰ ਦਾ ‘MyGov’ ਪੋਰਟਲ ਮੰਚ ਵਜੋਂ ਊਪਲੱਬਧ ਕਰਵਾਇਆ ਜਾਵੇਗਾ ਅਤੇ ਇਹ 15 ਤੋਂ 30 ਨਵੰਬਰ ਤੱਕ ਖੁੱਲ੍ਹਾ ਰਹੇਗਾ। ਦੱਸਣਯੋਗ ਹੈ ਕਿ ਪਿਛਲੇ ਸਾਲਾਂ ਦੌਰਾਨ ਮੰਤਰਾਲੇ ਵਲੋਂ ਬਜਟ ਤੋਂ ਪਹਿਲਾਂ ਊੱਤਰੀ ਬਲਾਕ ਵਿੱਚ ਸਨਅਤੀ ਜਥੇਬੰਦੀਆਂ, ਵਪਾਰਕ ਸੰਗਠਨਾਂ ਅਤੇ ਮਾਹਿਰਾਂ ਨਾਲ ਸਾਲਾਨਾ ਬਜਟ ਬਾਰੇ ਵਿਚਾਰ-ਚਰਚਾ ਕੀਤੀ ਜਾਂਦੀ ਹੈ। ਮੰਤਰਾਲੇ ਨੇ ਬਿਆਨ ਰਾਹੀਂ ਕਿਹਾ, ‘‘ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਮੰਤਰਾਲੇ ਕੋਲ ਵੱਖ-ਵੱਖ ਸੰਗਠਨਾਂ ਪਾਸੋਂ ਬਜਟ ਤੋਂ ਪਹਿਲਾਂ ਕੀਤੀ ਜਾਣ ਵਾਲੀ ਵਿਚਾਰ-ਚਰਚਾ ਬਾਰੇ ਸੁਝਾਅ ਆਏ ਹਨ। ਇਨ੍ਹਾਂ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਫ਼ੈਸਲਾ ਕੀਤਾ ਗਿਆ ਹੈ ਕਿ ਸੁਝਾਅ ਪ੍ਰਾਪਤ ਕਰਨ ਲਈ ਸਮਰਪਿਤ ਈ-ਮੇਲ ਆਈਡੀ ਬਣਾਇਆ ਜਾਵੇਗਾ।’’ -ਪੀਟੀਆਈ