ਬਲੀਆ (ਉੱਤਰ ਪ੍ਰਦੇਸ਼), 2 ਨਵੰਬਰ
ਜੇਲ੍ਹ ਵਿੱਚ ਬੰਦ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਮੁਖ਼ਤਾਰ ਅੰਸਾਰੀ ਦੀ ਪਤਨੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਸ ਦੇ ਪਰਿਵਾਰ ਲਈ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਹ ਜਾਣਕਾਰੀ ਅੱਜ ਗਾਜ਼ੀਪੁਰ ਤੋਂ ਬਸਪਾ ਦੇ ਸੰਸਦ ਮੈਂਬਰ ਤੇ ਮੁਖ਼ਤਾਰ ਅੰਸਾਰੀ ਦੇ ਭਰਾ ਅਫ਼ਜ਼ਲ ਅੰਸਾਰੀ ਨੇ ਮੀਡੀਆ ਨੂੰ ਦਿੱਤੀ।
ਜ਼ਿਕਰਯੋਗ ਹੈ ਕਿ ਗੈਂਗਸਟਰ ਤੋਂ ਸਿਆਸਤਦਾਨ ਬਣਿਆ ਮੁਖ਼ਤਾਰ ਅੰਸਾਰੀ ਫਿਰੌਤੀ ਦੇ ਇਕ ਮਾਮਲੇ ’ਚ ਪੰਜਾਬ ਦੀ ਇਕ ਜੇਲ੍ਹ ਵਿੱਚ ਬੰਦ ਹੈ ਅਤੇ ਉੱਤਰ ਪ੍ਰਦੇਸ਼ ਪੁਲੀਸ ਵੱਖ-ਵੱਖ ਕੇਸਾਂ ਦੇ ਸਬੰਧ ਵਿੱਚ ਅਦਾਲਤ ’ਚ ਪੇਸ਼ ਕਰਨ ਲਈ ਉਸ ਨੂੰ ਰਾਜ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਰਾਸ਼ਟਰਪਤੀ ਨੂੰ ਲਿਖੇ ਪੱਤਰ ਵਿੱਚ ਆਪਣੇ ਪਤੀ ਤੇ ਪੁੱਤਰਾਂ ਦੀ ਸੁਰੱਖਿਆ ਸਬੰਧੀ ਚਿੰਤਾ ਜ਼ਾਹਿਰ ਕਰਦਿਆਂ ਅਫ਼ਸ਼ਾਂ ਅੰਸਾਰੀ ਨੇ ਮੰਗ ਕੀਤੀ ਕਿ ਉਸ ਦੇ ਪਤੀ ਨਾਲ ਸਬੰਧੀ ਸਾਰੇ ਮਾਮਲਿਆਂ ਦੀ ਸੁਣਵਾਈ ਜੇਲ੍ਹ ਤੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੀਤੀ ਜਾਵੇ। ਮੀਡੀਆ ਨੂੰ ਪੱਤਰ ਜਾਰੀ ਕਰਦਿਆਂ, ਅਫ਼ਸ਼ਾਂ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਹਾਮਿਦ ਅੰਸਾਰੀ, ਬ੍ਰਿਗੇਡੀਅਰ ਮੁਹੰਮਦ ਉਸਮਾਨ, ਆਜ਼ਾਦੀ ਘੁਲਾਟੀਏ ਸ਼ੌਕਤਉੱਲ੍ਹਾ ਉਨ੍ਹਾਂ ਦੇ ਪਰਿਵਾਰ ਤੋਂ ਹੀ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮੁਖ਼ਤਾਰ ਅੰਸਾਰੀ ਖ਼ਿਲਾਫ਼ ਇਹ ਕਾਰਵਾਈ ਸਿਆਸੀ ਵਿਰੋਧ ਕਰ ਕੇ ਕੀਤੀ ਗਈ ਹੈ। -ਪੀਟੀਆਈ