ਅਹਿਮਦਾਬਾਦ, 10 ਫਰਵਰੀ
ਬੀਐੱਸਐੱਫ ਨੇ ਅੱਜ ਸਵੇਰੇ ਗੁਜਰਾਤ ਦੇ ਕੱਛ ਜ਼ਿਲ੍ਹੇ ਨੇੜੇ ਭਾਰਤ-ਪਾਕਿਸਤਾਨ ਦੀ ਸਮੁੰਦਰੀ ਸਰਹੱਦ ਨਾਲ ਲੱਗਦੇ ਹਰਾਮੀ ਨਾਲਾ ਕਰੀਕ ਇਲਾਕੇ ਵਿੱਚੋਂ ਮੱਛੀਆਂ ਫੜਨ ਵਾਲੀਆਂ 9 ਪਾਕਿਸਤਾਨੀ ਕਿਸ਼ਤੀਆਂ ਜ਼ਬਤ ਕੀਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀਆਂ ਜ਼ਬਤ ਕੀਤੇ ਜਾਣ ਮਗਰੋਂ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਇਹ ਪਤਾ ਲਾਉਣ ਲਈ ਖਾੜੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਕਿ ਗੁਆਂਢੀ ਮੁਲਕ ਤੋਂ ਕੋਈ ਹੋਰ ਅਜਿਹੀ ਕਿਸ਼ਤੀ ਭਾਰਤੀ ਜਲ ਖੇਤਰ ਵਿੱਚ ਦਾਖਲ ਹੋਈ ਹੈ ਜਾਂ ਨਹੀਂ। ਬੀਐੱਸਐੱਫ ਦੇ ਗੁਜਰਾਤ ਫਰੰਟੀਅਰ ਦੇ ਇੰਸਪੈਕਟਰ ਜਨਰਲ ਜੀ.ਐੱਸ. ਮਲਿਕ ਨੇ ਦੱਸਿਆ, ‘‘ਰੁਟੀਨ ਗਸ਼ਤ ਦੌਰਾਨ ਬੀਐੱਸਐੱਫ ਜਵਾਨਾਂ ਨੇ ਇਲਾਕੇ ’ਤੇ ਨਜ਼ਰ ਰੱਖਣ ਲਈ ਅਸਮਾਨ ’ਚ ਕੈਮਰੇ ਨਾਲ ਲੈਸ ਯੂਏਵੀ ਭੇਜਿਆ ਸੀ। ਯੂਏਵੀ ਰਾਹੀਂ ਸਾਨੂੰ ਹਰਾਮੀ ਨਾਲ ਇਲਾਕੇ ’ਚ ਮੱਛੀਆਂ ਫੜਨ ਵਾਲੀਆਂ 9 ਕਿਸ਼ਤੀਆਂ ਨਜ਼ਰ ਆਈਆਂ। ਬੀਐੱਸਐੱਫ ਦੀਆਂ ਗਸ਼ਤੀ ਕਿਸ਼ਤੀਆਂ ਤੁਰੰਤ ਮੌਕੇ ’ਤੇ ਪਹੁੰਚੀਆਂ ਅਤੇ ਪਾਕਿਸਤਾਨ ਦੇ ਮਛੇਰਿਆਂ ਦੀਆਂ ਉਹ ਕਿਸ਼ਤੀਆਂ ਜ਼ਬਤ ਕਰ ਲਈਆਂ।’’ ਉਨ੍ਹਾਂ ਦੱਸਿਆ ਕਿ ਹਾਲੇ ਤੱਕ ਕਿਸੇ ਵੀ ਪਾਕਿਸਤਾਨੀ ਮਛੇਰੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ, ਕਿਉਂਕਿ ਹੋ ਸਕਦਾ ਹੈ ਕਿ ਇਨ੍ਹਾਂ ਕਿਸ਼ਤੀਆਂ ’ਤੇ ਸਵਾਰ ਲੋਕ ਇਲਾਕੇ ’ਚ ਬੀਐੱਸਐੱਫ ਦੀ ਮੌਜੂਦਗੀ ਦਾ ਪਤਾ ਲੱਗਣ ’ਤੇ ਪਾਕਿਸਤਾਨ ਵਾਲੇ ਪਾਸੇ ਭੱਜ ਗਏ ਹੋਣ। ਮਲਿਕ ਨੇ ਕਿਹਾ, ‘‘ਅਜਿਹੀ ਸੰਭਾਵਨਾ ਹੈ ਕਿ ਸਾਨੂੰ ਪਾਕਿਸਤਾਨੀ ਮਛੇਰੇ ਲੱਭ ਜਾਣ।’’ -ਪੀਟੀਆਈ