ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 12 ਸਤੰਬਰ
ਬੀਐਸਐਫ ਦੇ ਅਬੋਹਰ ਸਥਿਤ ਡੀਆਈਜੀ ਹੈੱਡਕੁਆਰਟਰ ਦੀ ਪੈਟਰੋਲਿੰਗ ਪਾਰਟੀ ਨੇ ਅੱਜ ਸਵੇਰੇ ਸੱਤ ਵਜੇ ਕਾਰਵਾਈ ਕਰਦੇ ਹੋਏ ਭਾਰਤ-ਪਾਕਿਸਤਾਨ ਸਰਹੱਦ ’ਤੇ ਵੱਡੀ ਗਿਣਤੀ ਵਿੱਚ ਅਸਲਾ ਫੜਿਆ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ ਵਿੱਚ ਇਹ ਅਸਲਾ ਸੁੱਟਿਆ ਗਿਆ ਸੀ। ਡੀਆਈਜੀ ਹੈੱਡਕੁਆਰਟਰ ਅਬੋਹਰ ਦੀ 124ਵੀਂ ਬਟਾਲੀਅਨ ਦੇ ਜਵਾਨਾਂ ਵੱਲੋਂ ਅੱਜ ਸਵੇਰੇ ਗਜ਼ਨੀ ਵਾਲਾ ਚੌਕੀ ਲਾਗੇ ਗਸ਼ਤ ਕਰ ਰਹੇ ਸਨ ਤਾਂ ਇਸੇ ਦੌਰਾਨ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ ਵਿੱਚ ਸੁੱਟੇ ਅਸਲੇ ਦੇ ਜ਼ਖੀਰੇ ’ਤੇ ਉਨ੍ਹਾਂ ਦੀ ਨਜ਼ਰ ਪਈ। ਜਵਾਨਾਂ ਨੇ ਤੁਰੰਤ ਅਫਸਰਾਂ ਨੂੰ ਸੂਚਿਤ ਕੀਤਾ । ਬੀਐੱਸਐੱਫ ਵੱਲੋਂ ਕੀਤੀ ਜਾਂਚ ਦੌਰਾਨ ਮੌਕੇ ਤੋਂ ਤਿੰਨ ਏਕੇ 47 ਰਾਈਫਲਾਂ, 6 ਮੈਗਜ਼ੀਨ 91 ਗੋਲੀਆਂ, ਅਮਰੀਕਾ ਵਿੱਚ ਬਣੀਆਂ 2 ਐੱਮ 16 ਰਾਈਫਲਾਂ, ਚਾਰ ਮੈਗਜ਼ੀਨ ਤੇ 57 ਗੋਲੀਆਂ ਤੋਂ ਇਲਾਵਾ 2 ਪਿਸਤੌਲ ਚਾਰ ਮੈਗਜ਼ੀਨ ਤੇ 20 ਗੋਲੀਆਂ ਬਰਾਮਦ ਕੀਤੇ ਗਏ। ਅਸਲੇ ਦਾ ਜ਼ਖੀਰਾ ਕਬਜ਼ੇ ਵਿਚ ਲੈਣ ਤੋਂ ਬਾਅਦ ਬੀਐੱਸਐੱਫ ਦੀਆਂ ਟੁਕੜੀਆਂ ਵੱਲੋਂ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸ ਬਾਰੇ ਜਲਾਲਾਬਾਦ ਪੁਲੀਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ।