ਜੰਮੂ, 5 ਜਨਵਰੀ
ਬੀਐੱਸਐੱਫ ਵੱਲੋਂ ਅੱਜ ਕਮਾਂਡਰ ਪੱਧਰ ਦੀ ਹੋਈ ਮੀਟਿੰਗ ਵਿੱਚ ਪਾਕਿਸਤਾਨੀ ਰੇਂਜਰਾਂ ਕੋਲ ਸਰਹੱਦ ਪਾਰੋਂ ਆਉਂਦੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮੁੱਦਾ ਚੁੱਕਿਆ ਗਿਆ। ਬੀਐੱਸਐੱਫ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੀਐੱਸਐੱਫ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਾਕਿਸਤਾਨ ਵਾਲੇ ਪਾਸਿਓਂ ਹੁੰਦੀਆਂ ਅਜਿਹੀਆਂ ਸਰਗਰਮੀਆਂ ਸਵੀਕਾਰਨ ਯੋਗ ਨਹੀਂ। ਬੁਲਾਰੇ ਨੇ ਕਿਹਾ ਕਿ ਡੀਆਈਜੀ ਸੁਰਜੀਤ ਸਿੰਘ ਦੀ ਅਗਵਾਈ ਵਾਲੇ ਬੀਐੱਸਐੱਫ ਦੇ ਵਫ਼ਦ ਨੇ ਕੌਮਾਂਤਰੀ ਸਰਹੱਦ ਦੀ ਉਲੰਘਣਾ ਕਰ ਕੇ ਪਾਕਿਤਸਾਨ ਵਾਲੇ ਪਾਸਿਓਂ ਚਲਾਏ ਜਾਂਦੇ ਡਰੋਨ ਆਪਰੇਸ਼ਨਾਂ ’ਤੇ ਵੀ ਸਖ਼ਤ ਇਤਰਾਜ਼ ਜਤਾਇਆ ਹੈ। ਦੋਵਾਂ ਦੇਸ਼ਾਂ ਦਰਮਿਆਨ ਇਸ ਸਾਲ ਦੀ ਕਮਾਂਡਰ ਪੱਧਰ ਦੀ ਇਹ ਪਹਿਲੀ ਮੁਲਾਕਾਤ ਸੀ। ਮੀਟਿੰਗ ਦੌਰਾਨ ਸਰਹੱਦ ਨਾਲ ਸਬੰਧਿਤ ਹੋਰ ਮੁੱਦਿਆਂ ਬਾਰੇ ਵੀ ਗੱਲਬਾਤ ਕੀਤੀ ਗਈ। -ਪੀਟੀਆਈ