ਨਵੀਂ ਦਿੱਲੀ, 19 ਅਕਤੂਬਰ
ਸੀਬੀਆਈ ਨੇ ਜੰਮੂ ਕਸ਼ਮੀਰ ਸੇਵਾਵਾਂ ਚੋਣ ਬੋਰਡ (ਜੇਕੇਐੱਸਐੱਸਬੀ) ਵੱਲੋਂ ਪੁਲੀਸ ਵਿੱਚ ਸਬ ਇੰਸਪੈਕਟਰਾਂ ਦੀ ਭਰਤੀ ਲਈ ਕਰਵਾਈ ਗਈ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਆਪਣੇ ਪੁੱਤਰ ਨੂੰ ਦਿਵਾਉਣ ਲਈ ਵਿਚੋਲਿਆਂ ਦਾ ਇਸਤੇਮਾਲ ਕਰਨ ਦੇ ਦੋਸ਼ ਹੇਠ ਸੀਮਾ ਸੁਰੱਖਿਆ ਬਲ (ਮੈਡੀਕਲ) ਦੇ ਕਮਾਂਡੈਂਟ ਕਰਨੈਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਬੀਐੱਸਐੱਫ ਦੇ ਇਸ ਅਧਿਕਾਰੀ ਨੂੰ ਮੰਗਲਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਅੱਜ ਉਸ ਨੂੰ ਜੰਮੂ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕਰਨੈਲ ਸਿੰਘ ਨੇ ਵਿਚੋਲਿਆਂ ਨਾਲ ਮਿਲ ਕੇ ਇਕ ਸਾਜ਼ਿਸ਼ ਰਚੀ ਸੀ ਅਤੇ ਇਸ ਸਾਜ਼ਿਸ਼ ਦੇ ਹਿੱਸੇ ਵਜੋਂ ਉਸ ਨੇ ਇਨ੍ਹਾਂ ਵਿੱਚੋਂ ਹੀ ਇਕ ਵਿਚੋਲੇ ਰਾਹੀਂ ਸਬੰਧਤ ਪ੍ਰੀਖਿਆ ਦਾ ਲੀਕ ਹੋਇਆ ਇਕ ਪ੍ਰਸ਼ਨ ਪੱਤਰ ਆਪਣੇ ਪੁੱਤਰ ਲਈ ਮੰਗਵਾਇਆ ਸੀ। ਇਹ ਪ੍ਰਸ਼ਨ ਪੱਤਰ ਉਸ ਨੂੰ ਪ੍ਰੀਖਿਆ ਵਾਲੇ ਦਿਨ 27 ਮਾਰਚ ਨੂੰ ਜੰਮੂ ਵਿੱਚ ਗੰਗਿਆਲ ਸਥਿਤ ਇਕ ਘਰ ਵਿੱਚ ਸਵੇਰ ਸਮੇਂ ਮੁਹੱਈਆ ਕਰਵਾਇਆ ਗਿਆ ਸੀ। ਲੀਕ ਹੋਇਆ ਇਹ ਪ੍ਰਸ਼ਨ ਪੱਤਰ ਕਥਿਤ ਤੌਰ ’ਤੇ ਕਰਨੈਲ ਸਿੰਘ ਦੀ ਰਿਹਾਇਸ਼ ਵਿਖੇ ਪ੍ਰੀਖਿਆ ਤੋਂ ਕੁਝ ਘੰਟੇ ਪਹਿਲਾਂ ਕਈ ਹੋਰ ਉਮੀਦਵਾਰਾਂ ਨੂੰ ਵੀ ਮੁਹੱਈਆ ਕਰਵਾਇਆ ਗਿਆ ਸੀ। -ਪੀਟੀਆਈ