ਨਵੀਂ ਦਿੱਲੀ, 10 ਨਵੰਬਰ
ਪੈਟਰੋਲ, ਡੀਜ਼ਲ ਅਤੇ ਹੋਰ ਪੈਟਰੋਲੀਅਮ ਪਦਾਰਥਾਂ ਨੂੰ ਜੀਐਸਟੀ ਦੇ ਘੇਰੇ ਵਿੱਚ ਲਿਆਉਣ ਨਾਲ ਇਨ੍ਹਾਂ ਉਤਪਾਦਾਂ ’ਤੇ ਟੈਕਸ ਘਟੇਗਾ ਅਤੇ ਕੇਂਦਰ ਅਤੇ ਸੂਬਿਆਂ, ਦੋਵਾਂ ਦਾ ਮਾਲੀਆ ਵਧੇਗਾ। ਇਹ ਪ੍ਰਗਟਾਵਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕੀਤਾ। ਉਹ ਇਕ ਟੀਵੀ ਪ੍ਰੋਗਰਾਮ ਨੂੰ ਵਰਚੂਅਲੀ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇ ਸੂਬਾ ਸਰਕਾਰਾਂ ਵੱਲੋਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਉਹ ਯਕੀਨੀ ਤੌਰ ’ਤੇ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਘੇਰੇ ਹੇਠ ਲਿਆਉਣ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਕਿ ਜੀਐਸਟੀ ਕੌਂਸਲ ਵਿੱਚ ਸੂਬਿਆਂ ਦੇ ਵਿੱਤ ਮੰਤਰੀ ਵੀ ਮੈਂਬਰ ਹਨ ਤੇ ਕੁਝ ਸੂਬੇ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਘੇਰੇ ਹੇਠ ਲਿਆਉਣ ਦੇ ਖ਼ਿਲਾਫ਼ ਹਨ।-ਏਜੰਸੀ