ਨਵੀਂ ਦਿੱਲੀ, 28 ਅਪਰੈਲ
ਭਾਰਤੀ ਹਵਾਈ ਸੈਨਾ ਨੇ ਦੁਬਈ ਅਤੇ ਸਿੰਗਾਪੁਰ ਤੋਂ 9 ਕ੍ਰਾਇਓਜੈਨਿਕ ਆਕਸੀਜਨ ਕੰਟੇਨਰ ਪੱਛਮੀ ਬੰਗਾਲ ’ਚ ਪਾਨਾਗੜ੍ਹ ਏਅਰ ਬੇਸ ’ਤੇ ਲਿਆਂਦੇ। ਸਰਕਾਰੀ ਬਿਆਨ ਮੁਤਾਬਕ ਇਹ ਕੰਟੇਨਰ ਮੰਗਲਵਾਰ ਨੂੰ ਲਿਆਂਦੇ ਗਏ ਹਨ। ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ ਨੇ ਮੰਗਲਵਾਰ ਨੂੰ ਦੋ ਕ੍ਰਾਇਓਜੈਨਿਕ ਆਕਸੀਜਨ ਕੰਟੇਨਰ ਇੰਦੌਰ ਤੋਂ ਜਾਮਨਗਰ, ਦੋ ਜੋਧਪੁਰ ਤੇ ਉਦੈਪੁਰ ਤੋਂ ਜਾਮਨਗਰ ਅਤੇ ਦੋ ਹਿੰਡਨ ਤੋਂ ਰਾਂਚੀ ਲਿਆਂਦੇ ਹਨ।
ਬਿਆਨ ’ਚ ਦੱਸਿਆ ਗਿਆ ਕਿ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ਾਂ ਨੇ ਦੁਬਈ ਤੋਂ 6 ਅਤੇ ਸਿੰਗਾਪੁਰ ਤੋਂ ਤਿੰਨ ਆਕਸੀਜਨ ਕੰਟੇਨਰ ਲਿਆਂਦੇ ਹਨ। ਹਵਾਈ ਸੈਨਾ ਨੇ ਅੱਠ ਕ੍ਰਾਇਓਜੈਨਿਕ ਆਕਸੀਜਨ ਕੰਟੇਨਰ ਹੈਦਰਾਬਾਦ ਤੋਂ ਭੁਬਨੇਸ਼ਵਰ, ਦੋ ਭੋਪਾਲ ਤੋਂ ਰਾਂਚੀ ਅਤੇ ਦੋ ਚੰਡੀਗੜ੍ਹ ਤੋਂ ਰਾਂਚੀ ਲਿਆਂਦੇ। ਪਿਛਲੇ ਸ਼ੁੱਕਰਵਾਰ ਤੋਂ ਭਾਰਤੀ ਹਵਾਈ ਸੈਨਾ ਖਾਲੀ ਆਕਸੀਜਨ ਟੈਂਕਰ ਅਤੇ ਕੰਟੇਨਰ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਪਹੁੰਚਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਭਰਵਾ ਕੇ ਜ਼ੇਰੇ ਇਲਾਜ ਕੋਵਿਡ-19 ਦੇ ਮਰੀਜ਼ਾਂ ਨੂੰ ਮੈਡੀਕਲ ਆਕਸੀਜਨ ਮੁਹੱਈਆ ਕਰਵਾਈ ਜਾ ਸਕੇ। ਭਾਰਤੀ ਹਵਾਈ ਸੈਨਾ ਵੱਲੋਂ ਲੋੜੀਂਦੀਆਂ ਦਵਾਈਆਂ ਅਤੇ ਹੋਰ ਸਾਜ਼ੋ-ਸਾਮਾਨ ਵੀ ਵੱਖ ਵੱਖ ਕੋਵਿਡ ਹਸਪਤਾਲਾਂ ’ਚ ਪਹੁੰਚਾਏ ਜਾ ਰਹੇ ਹਨ। ਇਸੇ ਦੌਰਾਨ ਭਾਰਤੀ ਹਵਾਈ ਫੌਜ ਨੇ ਹਵਾਈ ਆਵਾਜਾਈ ਰਾਹੀਂ ਥਾਈਲੈਂਡ ਦੇ ਬੈਂਕਾਕ ਤੋਂ ਗੁਜਰਾਤ ਦੇ ਜਾਮਨਗਰ ਵਿੱਚ ਤਿੰਨ ਆਕਸੀਜਨ ਟੈਂਕਰ ਭਿਜਵਾਏ। -ਪੀਟੀਆਈ
ਭਾਰਤੀ ਹਵਾਈ ਫ਼ੌਜ ਕਰੋਨਾ ਰਾਹਤ ਕਾਰਜਾਂ ਲਈ 24 ਘੰਟੇ ਤਿਆਰ: ਭਦੌਰੀਆ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਵਿਡ-19 ਖ਼ਿਲਾਫ਼ ਜਾਰੀ ਦੇਸ਼ ਦੀ ਲੜਾਈ ਵਿੱਚ ਭਾਰਤੀ ਹਵਾਈ ਫ਼ੌਜ ਵੱਲੋਂ ਚਲਾਏ ਜਾ ਰਹੇ ਕਾਰਜਾਂ ਦਾ ਮੁਲਾਂਕਣ ਕੀਤਾ। ਹਵਾਈ ਫ਼ੌਜ ਦੇ ਮੁਖੀ ਆਰ ਕੇ ਐੱਸ ਭਦੌਰੀਆ ਨੇ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਦੇਸ਼ ਵਿੱਚ ਕੋਵਿਡ-19 ਦੀ ਤਾਜ਼ਾ ਸਥਿਤੀ ਵਿੱਚ ਸੁਧਾਰ ਲਈ ਹਵਾਈ ਫ਼ੌਜ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। -ਪੀਟੀਆਈ