ਨਵੀਂ ਦਿੱਲੀ: ਤਾਮਿਲ ਨਾਡੂ ਵਿੱਚ ਕੁੰਨੂਰ ਨੇੜੇ ਹੈਲੀਕਾਪਟਰ ਹਾਦਸੇ ਵਿੱਚ ਸੀਡੀਐੱਸ ਬਿਪਿਨ ਰਾਵਤ ਤੇ 12 ਹੋਰਨਾਂ ਸਮੇਤ ਮੌਤ ਦੇ ਮੂੰਹ ਪਏ ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਧੜ ਨੇ ਆਪਣੇ ਕਰੀਅਰ ਦੌਰਾਨ ਕਈ ਮਾਣ-ਸਨਮਾਨ ਹਾਸਲ ਕੀਤੇ ਸਨ। ਉਨ੍ਹਾਂ ਤਿੰੰਨਾਂ-ਸੈਨਾਵਾਂ ’ਚ ਸੁਧਾਰ ਲਈ ਵੀ ਵਿਆਪਕ ਕੰਮ ਕੀਤਾ। ਆਪਣੇ ਪਰਿਵਾਰ ’ਚ ਦੂਜੀ ਪੀੜ੍ਹੀ ਦੇ ਥਲ ਸੈਨਾ ਅਧਿਕਾਰੀ ਬ੍ਰਿਗੇਡੀਅਰ ਲਿੱਧੜ ਨੂੰ ਜਲਦੀ ਹੀ ਮੇਜਰ ਜਨਰਲ ਵਜੋਂ ਤਰੱਕੀ ਮਿਲਣ ਵਾਲੀ ਸੀ। ਉਹ ਪਿਛਲੇ ਸਵਾ ਸਾਲ ਤੋਂ ਜਨਰਲ ਰਾਵਤ ਦੀ ਟੀਮ ਦੇ ਅਹਿਮ ਮੈਂਬਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਬ੍ਰਿਗੇਡੀਅਰ ਲਿੱਧੜ ਨੇ ਜੰਮੂ ਤੇ ਕਸ਼ਮੀਰ ਵਿੱਚ ਅਤਿਵਾਦ ਵਿਰੋਧੀ ਆਪਰੇਸ਼ਨਾਂ ਤੋਂ ਇਲਾਵਾ ਚੀਨ ਨਾਲ ਲੱਗਦੀ ਸਰਹੱਦ ’ਤੇ ਬ੍ਰਿਗੇਡੀਅਰ ਵਜੋਂ ਕਮਾਂਡ ਦੀ ਅਗਵਾਈ ਕੀਤੀ। ਰੱਖਿਆ ਮਾਮਲਿਆਂ ਨੂੰ ਲੈ ਕੇ ਜਨਰਲ ਰਾਵਤ ਦਾ ਸਹਾਇਕ ਹੋਣ ਕਰਕੇ ਭਾਰਤ ਦੇ ਉੱਚ ਰੱਖਿਆ ਸੁਧਾਰਾਂ ਲਈ ਯੋਜਨਾ ਘੜਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। -ਪੀਟੀਆਈ