ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 31 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ ਹਾਦਸੇ ਵਾਲੀ ਥਾਂ ਦਾ ਦੌਰਾਨ ਕਰਨਗੇ। ਗੁਜਰਾਤ ਸੀਐੱਮਓ ਨੇ ਇਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਪਹਿਲੀ ਨਵੰਬਰ ਨੂੰ ਮੋਰਬੀ ਪੁੱਜਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਰਬੀ ਵਿੱਚ ਹੋਏ ਪੁਲ ਹਾਦਸੇ ਦੇ ਹਵਾਲੇ ਨਾਲ ਅੱਜ ਕਿਹਾ ਸੀ ਕਿ ਉਨ੍ਹਾਂ ਆਪਣੇ ਜੀਵਨ ਅਜਿਹੀ ਪੀੜ ਤੇ ਦੁੱਖ ਕਦੇ ਵੀ ਮਹਿਸੂਸ ਨਹੀਂ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਹਾਦਸੇ ਦੇ ਪੀੜਤਾਂ ਦੀ ਹਰ ਸੰਭਵ ਮਦਦ ਕਰ ਰਹੀਆਂ ਹਨ। ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਤੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਕੇਵੜੀਆ ਵਿੱਚ ਰੱਖੇ ‘ਰਾਸ਼ਟਰੀ ਏਕਤਾ ਦਿਵਸ’ ਸਮਾਗਮ ਵਿੱਚ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਮੈਂ ਏਕਤਾ ਨਗਰ ਵਿੱਚ ਹਾਂ, ਪਰ ਮੇਰਾ ਮਨ ਮੋਰਬੀ ਦੇ ਪੀੜਤਾਂ ਨਾਲ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹੀ ਪੀੜ ਪਹਿਲਾਂ ਮਹਿਸੂਸ ਨਹੀਂ ਕੀਤੀ। ਭਾਵੁਕ ਹੋਏ ਸ੍ਰੀ ਮੋਦੀ ਨੇ ਕਿਹਾ, ‘‘ਇਕ ਪਾਸੇ ਦਰਦ ਨਾਲ ਭਰਿਆ ਦਿਲ, ਅਤੇ ਦੂਜੇ ਪਾਸੇ ਫ਼ਰਜ਼ ਹੈ।’’ ਰਾਸ਼ਟਰੀ ਏਕਤਾ ਦਿਵਸ ਮੌਕੇ ਕੇਵੜੀਆ ਵਿੱਚ ਮੌਜੂਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਹਤ ਤੇ ਬਚਾਅ ਕਾਰਜਾਂ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।