ਨਵੀਂ ਦਿੱਲੀ, 7 ਜੁਲਾਈ
ਸੀਬੀਆਈ ਨੇ ਇਕ ਨਿੱਜੀ ਕੰਪਨੀ ਨੂੰ ਲਾਹਾ ਦੇਣ ਲਈ ਕਥਿਤ ਰਿਸ਼ਵਤ ਨਾਲ ਜੁੜੇ ਕੇਸ ਵਿੱਚ ਭਾਰਤੀ ਪਾਵਰ ਗਰਿੱਡ ਨਿਗਮ ਦੇ ਕਾਰਜਕਾਰੀ ਡਾਇਰੈਕਟਰ ਬੀ.ਐੱਸ.ਝਾਅ ਤੇ ਟਾਟਾ ਪ੍ਰਾਜੈਕਟਸ ਦੇ ਪੰਜ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਅਧਿਕਾਰੀਆਂ ਵਿਚ ਕਾਰਜਕਾਰੀ ਉਪ ਪ੍ਰਧਾਨ ਦੇਸ ਰਾਜ ਪਾਠਕ ਤੇ ਸਹਾਇਕ ਉਪ ਪ੍ਰਧਾਨ ਆਰ.ਐੱਨ.ਸਿੰਘ ਵੀ ਸ਼ਾਮਲ ਹਨ। ਸੀਬੀਆਈ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਸਾਰੇ ਮੁਲਜ਼ਮਾਂ ਨੂੰ ਪੰਚਕੂਲਾ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਕੇਂਦਰੀ ਜਾਂਚ ਏਜੰਸੀ ਨੇ ਬੁੱਧਵਾਰ ਨੂੰ 11 ਟਿਕਾਣਿਆਂ ’ਤੇ ਛਾਪੇ ਮਾਰੇ ਸਨ, ਜੋ ਅੱਜ ਵੀਰਵਾਰ ਨੂੰ ਵੀ ਜਾਰੀ ਸਨ। ਝਾਅ ਦੀ ਗੁਰੂਗ੍ਰਾਮ ਸਥਿਤ ਰਿਹਾਇਸ਼ ’ਤੇ ਮਾਰੇ ਛਾਪੇ ਦੌਰਾਨ ਸੀਬੀਆਈ ਟੀਮ ਨੇ 93 ਲੱਖ ਰੁਪਏ ਬਰਾਮਦ ਕੀਤੇ ਹਨ। ਇਨ੍ਹਾਂ ਛਾਪਿਆਂ ਮਗਰੋਂ ਹੀ ਅੱਜ ਉਪਰੋਕਤ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਬੀਆਈ ਨੇ ਈਟਾਨਗਰ ਵਿਚ ਤਾਇਨਾਤ ਝਾਅ ’ਤੇ ਪਿਛਲੇ ਲੰਮੇ ਸਮੇਂ ਤੋਂ ਨਿਗ੍ਹਾ ਰੱਖੀ ਹੋਈ ਸੀ। ਇਸ ਦੌਰਾਨ ਏਜੰਸੀ ਨੂੰ ਪਤਾ ਲੱਗਾ ਸੀ ਕਿ ਝਾਅ ਕੁਝ ਨਿੱਜੀ ਕੰਪਨੀਆਂ ਨੂੰ ਲਾਹਾ ਦੇਣ ਲਈ ਟਾਟਾ ਪ੍ਰਾਜੈਕਟਸ ਤੇ ਹੋਰਨਾਂ ਕੰਪਨੀਆਂ ਦੇ ਅਧਿਕਾਰੀਆਂ ਤੋਂ ਕਥਿਤ ਰਿਸ਼ਵਤ ਲੈ ਰਿਹਾ ਸੀ। ਤਫ਼ਤੀਸ਼ੀ ਅਧਿਕਾਰੀਆਂ ਨੇ ਕਿਹਾ ਕਿ ਟਾਟਾ ਪ੍ਰਾਜੈਕਟਸ ਨੂੰ ਵਿਸ਼ਵ ਬੈਂਕ ਵੱਲੋਂ ਮਿਲਣ ਵਾਲੇ ਫੰਡਾਂ ’ਤੇ ਅਧਾਰਿਤ ਉੱਤਰ ਪੂਰਬੀ ਖੇਤਰ ਬਿਜਲੀ ਸਿਸਟਮ ਸੁਧਾਰ ਪ੍ਰਾਜੈਕਟ ਦਾ ਠੇਕਾ ਦਿੱਤਾ ਗਿਆ ਸੀ। ਕੰਪਨੀ ਇਸ ਸਕੀਮ ਤਹਿਤ ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਖੇਤਰ ਵਿਚ ਕੰਮ ਕਰ ਰਹੀ ਹੈ। -ਪੀਟੀਆਈ