ਮਨਧੀਰ ਦਿਓਲ
ਨਵੀਂ ਦਿੱਲੀ, 3 ਅਪਰੈਲ
ਭਾਰਤ ਦਾ ਓਲੰਪਿਕ ਤਗ਼ਮਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਮਗਰੋਂ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਿਆ। ਉਸਦੇ ਮਥੁਰਾ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜਨ ਦੀ ਪਿਛਲੇ ਕੁਝ ਦਿਨਾਂ ਤੋਂ ਚਰਚਾ ਚੱਲ ਰਹੀ ਸੀ। ਮਥੁਰਾ ਤੋਂ ਮੌਜੂਦਾ ਸੰਸਦ ਮੈਂਬਰ ਅਦਾਕਾਰਾ ਹੇਮਾ ਮਾਲਿਨੀ ਮੁੜ ਚੋਣ ਮੈਦਾਨ ਵਿੱਚ ਹੈ। ਮੁੱਕੇਬਾਜ਼ੀ ਵਿੱਚ ਭਾਰਤ ਦੇ ਪਹਿਲੇ ਓਲੰਪਿਕ ਤਗ਼ਮਾ ਜੇਤੂ ਵਿਜੇਂਦਰ ਸਿੰਘ ਨੇ 2019 ਵਿੱਚ ਦੱਖਣੀ ਦਿੱਲੀ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਲੋਕ ਸਭਾ ਚੋਣ ਲੜੀ ਸੀ ਹਾਲਾਂਕਿ ਉਹ ਹਾਰ ਗਿਆ ਸੀ। ਇੱਥੇ ਭਾਜਪਾ ਹੈੱਡਕੁਆਰਟਰ ’ਤੇ ਪਾਰਟੀ ਆਗੂਆਂ ਨਾਲ ਸਾਂਝੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਜੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੱਤਾ ਵਿੱਚ ਆਉਣ ਮਗਰੋਂ ਭਾਰਤੀ ਖਿਡਾਰੀਆਂ ਦਾ ਦੇਸ਼-ਵਿਦੇਸ਼ ਵਿੱਚ ਮਾਣ-ਸਨਮਾਨ ਵਧਿਆ ਹੈ। ਭਾਜਪਾ ਦੀ ਖੁੱਲ੍ਹ ਕੇ ਆਲੋਚਨਾ ਕਰਨ ਵਾਲੇ ਵਿਜੇਂਦਰ ਨੇ ਤਿੰਨ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ। ਇਹ ਮੁੱਕੇਬਾਜ਼ ਜਾਟ ਭਾਈਚਾਰੇ ਨਾਲ ਸਬੰਧ ਰੱਖਦਾ ਹੈ ਜਿਸ ਦਾ ਹਰਿਆਣਾ ਤੋਂ ਇਲਾਵਾ ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਚੰਗਾ ਸਿਆਸੀ ਅਸਰ-ਰਸੂਖ਼ ਹੈ। ਸਾਬਕਾ ਮੁਕੇਬਾਜ਼ ਨੇ ਕਿਹਾ ਕਿ ਉਹ ਭਾਜਪਾ ਵਿਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਭਾਜਪਾ ਨਾਲ ਜੁੜ ਕੇ ਦੇਸ਼ ਵਾਸੀਆਂ ਜਾਂ ਖਿਡਾਰੀਆਂ ਦਾ ਭਲਾ ਕਰ ਸਕੇਗਾ। ਉਨ੍ਹਾਂ ਭਾਜਪਾ ਸਰਕਾਰ ਨਾਲ ਖਿਡਾਰੀਆਂ ਦੇ ਬੀਤੇ ਸਮੇਂ ਵਿਚ ਟਰਕਾਅ ਦੀਆਂ ਘਟਨਾਵਾਂ ਬਾਰੇ ਕਿਹਾ ਕਿ ਉਹ ਹਮੇਸ਼ਾਂ ਗ਼ਲਤ ਨੂੰ ਗ਼ਲਤ ਤੇ ਸਹੀ ਨੂੰ ਸਹੀ ਹੀ ਕਹਿਣਗੇ। ਮੁਕੇਬਾਜ਼ ਵਿਜੇਂਦਰ ਨੇ ਕਿਸਾਨ ਅੰਦੋਲਨ ਦੌਰਾਨ ਕਈ ਤਿੱਖੇ ਬਿਆਨ ਦਿੱਤੇ ਸਨ।