ਸ੍ਰੀਨਗਰ, 21 ਜੂਨ
ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ (ਏਪੀਐੱਸਸੀਸੀ) ਨੇ ਅੱਜ ਜੰਮੂ ਕਸ਼ਮੀਰ ’ਚ ਹੱਦਬੰਦੀ ਕਮਿਸ਼ਨ ਦੀ ਚੱਲ ਰਹੀ ਕਵਾਇਦ ਤਹਿਤ ਸਿੱਖ, ਗੁੱਜਰ ਤੇ ਪਹਾੜੀ ਵਰਗੀਆਂ ਘੱਟ ਗਿਣਤੀਆਂ ਨੂੰ ਵਿਚਾਰ ਚਰਚਾ ’ਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਏਪੀਐੱਸੀਸੀ ਨੇ ਇੱਕ ਬਿਆਨ ’ਚ ਕਿਹਾ ਕਿ ਘੱਟ ਗਿਣਤੀਆਂ ਨੂੰ ਵਿਚਾਰ ਚਰਚਾ ’ਚ ਸ਼ਾਮਿਲ ਨਾ ਕੀਤਾ ਜਾਣਾ ਸਵੀਕਾਰ ਨਹੀਂ ਕੀਤਾ ਜਾ ਸਕਦਾ ਅਤੇ ਸਬੰਧਤ ਭਾਈਚਾਰਿਆਂ ਦੇ ਮੈਂਬਰ ਪੂਰੀ ਤਾਕਤ ਨਾਲ ਇਸ ਖ਼ਿਲਾਫ਼ ਲੜਾਈ ਲੜਨਗੇ। ਏਪੀਐੱਸੀਸੀਸੀ ਦੇ ਪ੍ਰਧਾਨ ਜਗਮੋਹਨ ਸਿੰਘ ਰੈਣਾ ਨੇ ਕਿਹਾ ਕਿ ਵਿਧਾਨ ਸਭਾ ਖੇਤਰਾਂ ਨੂੰ ਮੁੜ ਨਿਰਧਾਰਤ ਕਰਨ ਬਾਰੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਹੱਦਬੰਦੀ ਕਮਿਸ਼ਨ ਵੱਲੋਂ ਵੱਖ ਵੱਖ ਘੱਟ ਗਿਣਤੀ ਭਾਈਚਾਰਿਆਂ ਦੇ ਸੁਝਾਵਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ। ਰੈਣਾ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਦੀ ਸ਼ਮੂਲੀਅਤ ਤੋਂ ਬਿਨਾਂ ਕੋਈ ਵੀ ਕਵਾਇਦ ਬੇਕਾਰ ਤੇ ਬੇਅਰਥ ਹੋਵੇਗੀ। ਉਨ੍ਹਾਂ ਕਿਹਾ, ‘ਇਹ ਜ਼ਰੂਰੀ ਹੈ ਕਿ ਸਿੱਖ, ਗੁੱਜਰ ਅਤੇ ਪਹਾੜੀ ਵਰਗੇ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਨਾਲ ਹੱਦਬੰਦੀ ਕਮਿਸ਼ਨ ਨੂੰ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਕਿਉਂਕਿ ਵਿਧਾਨ ਸਭਾ ਹਲਕਿਆਂ ’ਚ ਉਨ੍ਹਾਂ ਦੀਆਂ ਅਬਾਦੀ ਵੱਧ ਹੈ। ਗ੍ਰਹਿ ਮੰਤਰਾਲੇ ਵੱਲੋਂ ਕੋਈ ਆਖਰੀ ਫ਼ੈਸਲਾ ਲੈਣ ਤੋਂ ਪਹਿਲਾਂ ਸਿਆਸੀ ਪਾਰਟੀਆਂ ਤੇ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ।’ ਰੈਣਾ ਨੇ ਕਿਹਾ ਕਿ ਜੇਕਰ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਇਸ ਕਵਾਇਦ ਤੋਂ ਵੱਖ ਰੱਖਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਸੜਕਾਂ ’ਤੇ ਆਉਣ ਅਤੇ ਵਿਰੋਧ ਕਰਨ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ’ਚ ਘੱਟ ਗਿਣਤੀ ਭਾਈਚਾਰਿਆਂ ਨੇ ਪ੍ਰੇਸ਼ਾਨੀਆਂ ਝੱਲੀਆਂ ਹਨ ਤੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦਾ ਸਮਾਂ ਆ ਗਿਆ ਹੈ। -ਪੀਟੀਆਈ
ਗੁਪਕਾਰ ਗੱਠਜੋੜ ਦੇ ਟਾਕਰੇ ਲਈ ਭਾਜਪਾ ਨੇ ਜੰਮੂ ’ਚ ਅੱਜ ਸੱਦੀ ਹੰਗਾਮੀ ਮੀਟਿੰਗ
ਜੰਮੂ: ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਣਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 24 ਜੂਨ ਨੂੰ ਦਿੱਲੀ ’ਚ ਸੱਦੀ ਗਈ ਸਰਬ ਪਾਰਟੀ ਮੀਟਿੰਗ ਤੋਂ ਪਹਿਲਾਂ ਗੁਪਕਾਰ ਗੱਠਜੋੜ ਖ਼ਿਲਾਫ਼ ਰਣਨੀਤੀ ਬਣਾਉਣ ਲਈ ਉਨ੍ਹਾਂ ਪਾਰਟੀ ਦੇ ਸੀਨੀਅਰ ਆਗੂਆਂ ਦੀ ਭਲਕੇ ਹੰਗਾਮੀ ਬੈਠਕ ਸੱਦੀ ਹੈ। ਜੰਮੂ ਕਸ਼ਮੀਰ ਦਾ 5 ਅਗਸਤ, 2019 ਨੂੰ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਮਗਰੋਂ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਇਹ ਪਹਿਲੀ ਬੈਠਕ ਸੱਦੀ ਗਈ ਹੈ ਜਿਸ ’ਚ ਭਾਜਪਾ ਦੇ ਸਾਬਕਾ ਉਪ ਮੁੱਖ ਮੰਤਰੀ ਨਿਰਮਲ ਸਿੰਘ ਅਤੇ ਕਵਿੰਦਰ ਗੁਪਤਾ ਸ਼ਿਰਕਤ ਕਰਨਗੇ। ਸ੍ਰੀ ਰੈਣਾ ਨੇ ਦੱਸਿਆ ਕਿ ਗੁਪਕਾਰ ਗੱਠਜੋੜ ਦੀ ਵੀ ਭਲਕੇ ਸ੍ਰੀਨਗਰ ’ਚ ਮੀਟਿੰਗ ਹੋ ਰਹੀ ਹੈ ਅਤੇ ਉਸ ਦੀ ਰਣਨੀਤੀ ਦੇ ਟਾਕਰੇ ਲਈ ਭਾਜਪਾ ਆਗੂਆਂ ਦੀ ਵੀ ਭਲਕੇ ਤ੍ਰਿਕੁਟਾ ਨਗਰ ਪਾਰਟੀ ਹੈੱਡਕੁਆਰਟਰ ’ਤੇ ਸਵੇਰੇ 11 ਵਜੇ ਬੈਠਕ ਸੱਦੀ ਗਈ ਹੈ। -ਪੀਟੀਆਈ