ਨਵੀਂ ਦਿੱਲੀ, 19 ਜੁਲਾਈ
ਸੰਸਦ ਦੇ ਦੋਵਾਂ ਸਦਨਾਂ ਵਿਚ ਅੱਜ ਵਿਰੋਧੀ ਧਿਰ ਨੇ ਵੱਧ ਰਹੀ ਮਹਿੰਗਾਈ ਦੇ ਮੁੱਦੇ ’ਤੇ ਰੋਸ ਜ਼ਾਹਿਰ ਕੀਤਾ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਕੁਝ ਨਵੀਆਂ ਵਸਤਾਂ ’ਤੇ ਜੀਐੱਸਟੀ ਲਾਏ ਜਾਣ ਦਾ ਵਿਰੋਧ ਕੀਤਾ ਤੇ ਵਧ ਰਹੀਆਂ ਕੀਮਤਾਂ ’ਤੇ ਰੋਸ ਪ੍ਰਦਰਸ਼ਨ ਕੀਤਾ। ਇਸ ’ਤੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਅੱਜ ਸਦਨ ਜਿਵੇਂ ਹੀ ਦੁਪਹਿਰ ਬਾਅਦ ਦੋ ਵਜੇ ਜੁੜਿਆ, ਕਾਂਗਰਸ, ਟੀਐਮਸੀ, ਡੀਐਮਕੇ ਤੇ ਹੋਰਨਾਂ ਵਿਰੋਧੀ ਧਿਰਾਂ ਦੇ ਮੈਂਬਰ ਬੈਨਰ ਲੈ ਕੇ ਸਦਨ ਦੇ ਵਿਚਾਲੇ ਆ ਗਏ। ਉਨ੍ਹਾਂ ਇਸ ਮੌਕੇ ਵੱਧ ਰਹੀਆਂ ਕੀਮਤਾਂ ਤੇ ਨਵੀਆਂ ਵਸਤਾਂ ਉਤੇ ਜੀਐੱਸਟੀ ਲਾਗੂ ਕੀਤੇ ਜਾਣ ਖ਼ਿਲਾਫ਼ ਰੋਸ ਦਰਜ ਕਰਾਇਆ। ਮੈਂਬਰਾਂ ਵੱਲੋਂ ਕਾਗਜ਼ ਸੁੱਟੇ ਜਾਣ ’ਤੇ ਸਦਨ ਦੀ ਅਗਵਾਈ ਕਰ ਰਹੇ (ਚੇਅਰ) ਕਿਰੀਟ ਪ੍ਰੇਮਜੀਭਾਈ ਸੋਲੰਕੀ ਨੇ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਇਸੇ ਮੁੱਦੇ ਉਤੇ ਪਏ ਰੌਲੇ-ਰੱਪੇ ਕਾਰਨ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਨੂੰ 11 ਵਜੇ ਮੁਅੱਤਲ ਕਰ ਦਿੱਤਾ। ਵਿਰੋਧੀ ਧਿਰ ਦੇ ਮੈਂਬਰਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰਾਜ ਸਭਾ ਵਿਚ ਵੀ ਅੱਜ ਵਿਰੋਧੀ ਧਿਰ ਦੀ ਨਾਅਰੇਬਾਜ਼ੀ ਕਾਰਨ ਕੋਈ ਅਹਿਮ ਕੰਮਕਾਰ ਨਹੀਂ ਹੋ ਸਕਿਆ। ਕਾਂਗਰਸ ਸਣੇ ਵਿਰੋਧੀ ਧਿਰਾਂ ਨੇ ਸਦਨ ਦੀ ਕਾਰਵਾਈ ਵਿਚ ਅੜਿੱਕਾ ਪਾਉਂਦਿਆਂ ਮਹਿੰਗਾਈ ਤੇ ਅਗਨੀਪਥ ਸਕੀਮ ਉਤੇ ਵਿਚਾਰ-ਚਰਚਾ ਦੀ ਮੰਗ ਕੀਤੀ। ਰੌਲੇ-ਰੱਪੇ ਕਾਰਨ ਚੇਅਰਮੈਨ ਨੇ ਸਦਨ ਦੀ ਕਾਰਵਾਈ ਪਹਿਲਾਂ ਦੋ ਵਜੇ ਤੱਕ ਮੁਅੱਤਲ ਕਰ ਦਿੱਤੀ। ਕਾਂਗਰਸ, ਖੱਬੇ ਪੱਖੀ ਧਿਰਾਂ ਤੇ ‘ਆਪ’ ਨੇ ਇਨ੍ਹਾਂ ਮੁੱਦਿਆਂ ਉਤੇ ਚਰਚਾ ਦੀ ਮੰਗ ਕੀਤੀ। -ਪੀਟੀਆਈ
ਮਹਿੰਗਾਈ ਤੇ ਹੋਰ ਮੁੱਦਿਆਂ ’ਤੇ ਚਰਚਾ ਤੋਂ ਭੱਜਣਾ ‘ਗੈਰ-ਸੰਸਦੀ’: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸਰਕਾਰ ’ਤੇ ਹੱਲਾ ਬੋਲਦਿਆਂ ਕਿਹਾ ਕਿ ਮਹਿੰਗਾਈ, ਜੀਐੱਸਟੀ ’ਚ ਵਾਧੇ ਤੇ ਡਿੱਗਦੇ ਰੁਪਏ ਜਿਹੇ ਮੁੱਦਿਆਂ ਉਤੇ ਵਿਚਾਰ-ਚਰਚਾ ਤੋਂ ਭੱਜਣਾ ‘ਗੈਰ-ਸੰਸਦੀ’ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ ਤੇ ਸੰਸਦ ਵਿਚ ਚਰਚਾ ਤੋਂ ਭੱਜ ਰਹੇ ਹਨ। ਰਾਹੁਲ ਨੇ ਨਾਲ ਹੀ ਕਿਹਾ ਕਿ ਪ੍ਰਧਾਨ ਮੰਤਰੀ ਕਈ ਸ਼ਬਦਾਂ ਨੂੰ ‘ਗੈਰ-ਸੰਸਦੀ’ ਕਰਾਰ ਦੇ ਕੇ ਵਿਰੋਧੀਆਂ ਨੂੰ ਜਿੰਨਾ ਮਰਜ਼ੀ ਚੁੱਪ ਕਰਾਉਣ ਦੀ ਕੋਸ਼ਿਸ਼ ਕਰੀ ਜਾਣ, ਪਰ ਉਨ੍ਹਾਂ ਨੂੰ ਇਨ੍ਹਾਂ ਮੁੱਦਿਆਂ ਉਤੇ ਜਵਾਬ ਦੇਣਾ ਪਏਗਾ।
ਲੋਕ ਸਭਾ ਸਪੀਕਰ ਨੇ ਰਾਹੁਲ ਸ਼ੇਵਾਲੇ ਨੂੰ ਸ਼ਿਵ ਸੈਨਾ ਆਗੂ ਵਜੋਂ ਮਾਨਤਾ ਦਿੱਤੀ
ਨਵੀਂ ਦਿੱਲੀ: ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਦੱਸਿਆ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਹੁਲ ਸ਼ੇਵਾਲੇ ਨੂੰ ਹੇਠਲੇ ਸਦਨ ਵਿਚ ਸ਼ਿਵ ਸੈਨਾ ਦੇ ਆਗੂ ਵਜੋਂ ਮਾਨਤਾ ਦੇ ਦਿੱਤੀ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਿੰਦੇ ਨੇ ਕਿਹਾ ਕਿ 12 ਲੋਕ ਸਭਾ ਮੈਂਬਰ ਉਨ੍ਹਾਂ ਦੇ ਨਾਲ ਹਨ ਤੇ ਉਨ੍ਹਾਂ ਸਪੀਕਰ ਨੂੰ ਇਸ ਬਾਰੇ ਲਿਖਿਆ ਸੀ। ਇਸ ਤੋਂ ਪਹਿਲਾਂ ਵਿਨਾਇਕ ਰਾਊਤ ਪਾਰਟੀ ਦੇ ਲੋਕ ਸਭਾ ਵਿਚ ਆਗੂ ਸਨ।