ਨਵੀਂ ਦਿੱਲੀ, 3 ਨਵੰਬਰ
ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਤਣਾਅ ਖਤਮ ਕਰਨ ਤੇ ਫੌਜਾਂ ਪਿੱਛੇ ਹਟਾਉਣ ਦੇ ਮੁੱਦੇ ’ਤੇ ਇਸ ਹਫ਼ਤੇ ਕਮਾਂਡਰ ਪੱਧਰ ਦੀ ਅੱਠਵੇਂ ਗੇੜ ਦੀ ਗੱਲਬਾਤ ਹੋ ਸਕਦੀ ਹੈ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ। ਲੱਦਾਖ ਵਿੱਚ ਫੌਜਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 12 ਅਕਤੂਬਰ ਨੂੰ ਹੋਈ ਸੱਤਵੇਂ ਗੇੜ ਦੀ ਗੱਲਬਾਤ ਬੇਸਿੱਟਾ ਰਹੀ ਸੀ। ਜ਼ਿਕਰਯੋਗ ਹੈ ਕਿ ਉੱਚੀਆਂ ਚੋਟੀਆਂ ’ਤੇ ਠੰਡ ਦੇ ਮਹੀਨਿਆਂ ਵਿੱਚ ਪਾਰਾ ਮਨਫ਼ੀ 25 ਡਿਗਰੀ ਤਕ ਹੇਠਾਂ ਚਲਾ ਜਾਂਦਾ ਹੈ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਭਾਰਤ ਅਤੇ ਚੀਨ ਵਿਚਾਲੇ ਸਮਝੌਤਾ ਭਾਰੀ ਤਣਾਅ ਹੇਠ ਹੈ ਤੇ ਸਧਾਰਨ ਸਬੰਧਾਂ ਦੀ ਬਹਾਲੀ ਲਈ ਦੋਵਾਂ ਧਿਰਾਂ ਨੂੰ ਸਮਝੌਤੇ ਤਹਿਤ ਬਣੀ ਸਹਿਮਤੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅੱਠਵੇਂ ਗੇੜ ਦੀ ਗੱਲਬਾਤ ਵਿੱਚ ਸ਼ਾਮਲ ਹੋਣ ਵਾਲੇ ਭਾਰਤੀ ਵਫ਼ਦ ਦੀ ਅਗਵਾਈ ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਕਰਨਗੇ, ਜਿਨ੍ਹਾਂ ਨੂੰ ਹਾਲ ਹੀ ਵਿੱਚ ਲੇਹ ਅਧਾਰਤ 14 ਕੌਰਪਸ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ