ਐਜ਼ੌਲ, 5 ਅਗਸਤ
ਮਿਜ਼ੋਰਮ ਤੇ ਅਸਾਮ ਅੰਤਰ-ਰਾਜੀ ਸਰਹੱਦ ਵਿਵਾਦ ਦਾ ਦੋਸਤਾਨਾ ਢੰਗ ਨਾਲ ਹੱਲ ਕੱਢਣ ਲਈ ਸਹਿਮਤ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਅੱਜ ਦੋਵਾਂ ਸੂਬਿਆਂ ਨੁਮਾਇੰਦਿਆਂ ਨੇ ਅੱਜ ਮੀਟਿੰਗਾਂ ਕੀਤੀਆਂ, ਜਿਸ ਵਿੱਚ ਵਿਵਾਦ ਦੇ ਹੱਲ ਬਾਰੇ ਸਹਿਮਤੀ ਬਣੀ ਹੈ। ਉਨ੍ਹਾਂ ਦੱਸਿਆ ਕਿ ਅਸਾਮ ਸਰਕਾਰ ਵੱਲੋਂ ਮਿਜ਼ੋਰਮ ਦੀ ਯਾਤਰਾ ਸਬੰਧੀ ਜਾਰੀ ਐਡਵਾਈਜ਼ਰੀ ਵੀ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ, ‘ਦੋਵੇਂ ਸੂਬਿਆਂ ਦੀਆਂ ਸਰਕਾਰਾਂ ਅੰਤਰਰਾਜੀ ਸਰਹੱਦੀ ਖੇਤਰਾਂ ’ਚ ਸ਼ਾਂਤੀ ਬਣਾਈ ਰੱਖਣ ਲਈ ਸਹਿਮਤ ਹੋ ਗਈਆਂ ਹਨ ਅਤੇ ਉਨ੍ਹਾਂ ਇਸ ਸਬੰਧੀ ਭਾਰਤ ਸਰਕਾਰ ਵੱਲੋਂ ਨਿਰਪੱਖ ਫੋਰਸ ਤਾਇਨਾਤ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।’ ਦੋਵੇਂ ਸੂਬਿਆਂ ਵੱਲੋਂ ਜਾਰੀ ਸਾਂਝੇ ਬਿਆਨ ’ਚ ਕਿਹਾ ਗਿਆ, ‘ਇਸ ਮਕਸਦ ਲਈ ਦੋਵੇਂ ਸੂਬੇ ਵਿਦਾਦਤ ਸਥਾਨਾਂ, ਜਿੱਥੇ ਦੋਵੇਂ ਸੂੁਬਿਆਂ ਦੀ ਪੁਲੀਸ ਵਿਚਾਲੇ ਝੜਪ ਹੋਈ, ’ਤੇ ਆਪਣੇ ਜੰਗਲਾਤ ਤੇ ਪੁਲੀਸ ਬਲ ਨੂੰ ਗਸ਼ਤ, ਦਬਾਅ ਬਣਾਉਣ, ਕਾਨੂੰਨੀ ਪ੍ਰਬੰਧ ਲਾਗੂ ਕਰਵਾਉਣ ਨਹੀਂ ਭੇਜਣਗੇ ਜਾਂ ਹੋਰ ਨਵੀਂ ਫੋਰਸ ਤਾਇਨਾਤ ਨਹੀਂ ਕਰਨਗੇ। ਇਸ ਵਿੱਚ ਅਸਾਮ ਦੇ ਕਰੀਮਗੰਜ, ਹੇਲਾਕੰਦੀ ਅਤੇ ਕਚਾਰ ਜ਼ਿਲ੍ਹਿਆਂ ਜਦਕਿ ਮਿਜ਼ੋਰਮ ਦੇ ਮਾਮਿਤ ਅਤੇ ਕੋਲਾਸਬਿ ਜ਼ਿਲ੍ਹਿਆਂ ਦੇ ਅਸਾਮ-ਮਿਜ਼ੋਰਮ ਬਾਰਡਰ ਨਾਲ ਲੱਗਦੇ ਸਾਰੇ ਇਲਾਕੇ ਸਾਰੇ ਸ਼ਾਮਲ ਹੋਣਗੇ।’ ਅਸਾਮ ਦੇ ਮੰਤਰੀ ਅਸ਼ੋਕ ਸਿੰਘਲ ਵੱਲੋਂ ਟਵਿੱਟਰ ’ਤੇ ਸਾਂਝੇ ਕੀਤੇ ਬਿਆਨ ’ਚ ਕਿਹਾ ਗਿਆ, ‘ਅਸਾਮ ਅਤੇ ਮਿਜ਼ੋਰਮ ਸਰਕਾਰ ਦੇ ਨੁਮਾਇੰਦੇ ਅਸਾਮ ਅਤੇ ਮਿਜ਼ੋਰਮ, ਖਾਸਕਾਰ ਸਰਹੱਦੀ ਇਲਾਕਿਆਂ, ਵਿੱਚ ਰਹਿੰਦੇ ਲੋਕਾਂ ’ਚ ਇੱਕਜੁਟਤਾ ਤੇ ਸ਼ਾਂਤੀ ਬਣਾਈ ਰੱਖਣ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਲਈ ਸਹਿਮਤ ਹੋ ਗਏ ਹਨ।’ -ਪੀਟੀਆਈ