ਨਵੀਂ ਦਿੱਲੀ, 11 ਅਕਤੂਬਰ
ਫ਼ੌਜੀ ਪੱਧਰ ਉਤੇ ਹੋਈ 13ਵੇਂ ਗੇੜ ਦੀ ਗੱਲਬਾਤ ਤੋਂ ਬਾਅਦ ਵੀ ਭਾਰਤ ਤੇ ਚੀਨ ਪੂਰਬੀ ਲੱਦਾਖ ਨਾਲ ਜੁੜੇ ਬਕਾਇਆ ਮੁੱਦੇ ਹੱਲ ਕਰਨ ਵਿਚ ਨਾਕਾਮ ਰਹੇ ਹਨ। ਭਾਰਤੀ ਫ਼ੌਜ ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਕਈ ‘ਉਸਾਰੂ ਸੁਝਾਅ’ ਚੀਨੀ ਧਿਰ ਨੇ ਪ੍ਰਵਾਨ ਨਹੀਂ ਕੀਤੇ। ਹਾਲਾਂਕਿ ਫ਼ੌਜ ਨੇ ਨਾਲ ਹੀ ਕਿਹਾ ਕਿ ਦੋਵੇਂ ਧਿਰਾਂ ਗੱਲਬਾਤ ਜਾਰੀ ਰੱਖਣ ਤੇ ਜ਼ਮੀਨੀ ਪੱਧਰ ਉਤੇ ਸਥਿਰਤਾ ਕਾਇਮ ਰੱਖਣ ਉਤੇ ਸਹਿਮਤ ਹੋ ਗਈਆਂ ਹਨ। ਐਤਵਾਰ ਹੋਈ ਵਾਰਤਾ ਬਾਰੇ ਅੱਜ ਬਿਆਨ ਜਾਰੀ ਕਰ ਕੇ ਭਾਰਤੀ ਫ਼ੌਜ ਨੇ ਆਪਣਾ ਰੁਖ਼ ਸਖ਼ਤ ਕਰਨ ਦਾ ਸੰਕੇਤ ਦਿੱਤਾ ਹੈ। ਭਾਰਤੀ ਧਿਰ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਚੀਨੀ ਧਿਰ ਸਲਾਹਾਂ ਉਤੇ ਅਮਲ ਕਰੇਗੀ। ਫ਼ੌਜ ਨੇ ਕਿਹਾ ਕਿ ਚੀਨੀ ਧਿਰ ਨੇ ਗੱਲਬਾਤ ਦੌਰਾਨ ਅੱਗੇ ਵਧਣ ਲਈ ਕੋਈ ਤਜਵੀਜ਼ ਵੀ ਨਹੀਂ ਰੱਖੀ। ਜ਼ਿਕਰਯੋਗ ਹੈ ਕਿ ਭਾਰਤ-ਚੀਨ ਫ਼ੌਜੀ ਕਮਾਂਡਰਾਂ ਵਿਚਾਲੇ ਵਾਰਤਾ ਐਤਵਾਰ ਐਲਏਸੀ ਦੇ ਚੀਨ ਵਾਲੇ ਪਾਸੇ ਚੁਸ਼ੂਲ-ਮੋਲਡੋ ਸਰਹੱਦੀ ਪੁਆਇੰਟ ਉਤੇ ਹੋਈ ਸੀ। ਇਹ ਕਰੀਬ ਸਾਢੇ ਅੱਠ ਘੰਟੇ ਤੱਕ ਚੱਲੀ ਸੀ। ਭਾਰਤੀ ਫ਼ੌਜ ਨੇ ਕਿਹਾ ਕਿ ਉਨ੍ਹਾਂ ਵਾਰਤਾ ਦੌਰਾਨ ਇਹ ਪੱਖ ਰੱਖਿਆ ਕਿ ਐਲਏਸੀ ਦੇ ਨਾਲ ਵਰਤਮਾਨ ਸਥਿਤੀ ਚੀਨੀ ਧਿਰ ਵੱਲੋਂ ਕੀਤੇ ‘ਇਕਪਾਸੜ ਯਤਨਾਂ’ ਕਾਰਨ ਬਣੀ ਹੈ। ਦੁਵੱਲੇ ਸਮਝੌਤਿਆਂ ਦੀ ਉਲੰਘਣਾ ਕਰ ਕੇ ਚਿਰਾਂ ਤੋਂ ਕਾਇਮ ਸਥਿਤੀ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਜ਼ਰੂਰੀ ਹੈ ਕਿ ਚੀਨ ਢੁੱਕਵੇਂ ਕਦਮ ਚੁੱਕੇ ਤੇ ਬਾਕੀ ਰਹਿੰਦੇ ਖੇਤਰਾਂ ਵਿਚ ਸ਼ਾਂਤੀ ਤੇ ਸਥਿਰਤਾ ਬਹਾਲ ਕਰੇ। ਭਾਰਤੀ ਫ਼ੌਜ ਨੇ ਵਾਰਤਾ ਦੌਰਾਨ ਪਿਛਲੇ ਮਹੀਨੇ ਹੋਈ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਦੋਵਾਂ ਆਗੂਆਂ ਨੇ ਸਹਿਮਤੀ ਬਣਾਈ ਸੀ ਕਿ ਬਕਾਇਆ ਮਸਲੇ ਜਲਦੀ ਹੱਲ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਬਾਅਦ ਹੀ ਦੁਵੱਲੇ ਸਬੰਧ ਮਜ਼ਬੂਤ ਹੋਣਗੇ। ਵਾਰਤਾ ਵਿਚ ਭਾਰਤ ਨੇ ਪੈਟਰੋਲਿੰਗ ਪੁਆਇੰਟ 15 ਤੇ ਦੇਪਸਾਂਗ ਦਾ ਮੁੱਦਾ ਵੀ ਰੱਖਿਆ ਸੀ। ਉੱਥੋਂ ਫ਼ੌਜ ਵਾਪਸ ਸੱਦਣ ਉਤੇ ਜ਼ੋਰ ਪਾਇਆ ਗਿਆ ਸੀ। ਜ਼ਿਕਰਯੋਗ ਹੈ ਕਿ 13ਵੇਂ ਗੇੜ ਦੀ ਗੱਲਬਾਤ ਹਾਲ ਹੀ ਵਿਚ ਵਾਪਰੀਆਂ ਦੋ ਘਟਨਾਵਾਂ ਤੋਂ ਬਾਅਦ ਹੋਈ ਹੈ। ਚੀਨ ਦੀ ਫ਼ੌਜ ਨੇ ਉਤਰਾਖੰਡ ਦੇ ਬਰਹੋਟੀ ਸੈਕਟਰ ਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿਚ ਭੜਕਾਹਟ ਪੈਦਾ ਕਰਨ ਦਾ ਯਤਨ ਕੀਤਾ ਸੀ। ਪਿਛਲੇ ਹਫ਼ਤੇ ਭਾਰਤ ਤੇ ਚੀਨ ਦੀ ਫ਼ੌਜ ਵਿਚਾਲੇ ਤਵਾਂਗ ਸੈਕਟਰ ਵਿਚ ਹੀ ਸੰਖੇਪ ਟਕਰਾਅ ਹੋਇਆ ਸੀ। ਹਾਲਾਂਕਿ ਦੋਵਾਂ ਧਿਰਾਂ ਦੇ ਕਮਾਂਡਰਾਂ ਦੀ ਗੱਲਬਾਤ ਤੋਂ ਬਾਅਦ ਇਸ ਨੂੰ ਜਲਦੀ ਹੱਲ ਕਰ ਲਿਆ ਗਿਆ। ਪਿਛਲੇ ਮਹੀਨੇ ਚੀਨੀ ਫ਼ੌਜ ਪੀਐਲਏ ਦੇ ਕਰੀਬ 100 ਸੈਨਿਕਾਂ ਨੇ ਬਰਹੋਟੀ ਵਿਚ ਸਰਹੱਦ ਉਲੰਘੀ ਸੀ। -ਪੀਟੀਆਈ
ਭਾਰਤ ਦੀਆਂ ਮੰਗਾਂ ਗ਼ੈਰਵਾਜਬ: ਚੀਨ
ਚੀਨ ਦੀ ਫ਼ੌਜ ਪੀਐਲਏ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ‘ਭਾਰਤ ਦੀਆਂ ਮੰਗਾਂ ਗ਼ੈਰਵਾਜਬ ਤੇ ਗੈਰ-ਅਮਲੀ ਹਨ, ਉਹ ਗੱਲਬਾਤ ਨੂੰ ਹੋਰ ਔਖਾ ਕਰ ਰਹੀਆਂ ਹਨ।’ ਉਨ੍ਹਾਂ ਕਿਹਾ ਕਿ ਚੀਨ ਨੇ ਸਰਹੱਦੀ ਹਾਲਤਾਂ ਨੂੰ ਬਿਹਤਰ ਕਰਨ ਤੇ ਤਣਾਅ ਘਟਾਉਣ ਲਈ ਨਿੱਠ ਕੇ ਯਤਨ ਕੀਤੇ ਹਨ ਅਤੇ ਆਪਣੀ ਗੰਭੀਰਤਾ ਦਾ ਪ੍ਰਗਟਾਵਾ ਕੀਤਾ ਹੈ। ਚੀਨੀ ਫ਼ੌਜ ਨੇ ਕਿਹਾ ਚੀਨ ਆਪਣੀ ਖ਼ੁਦਮੁਖਤਿਆਰੀ ਦੀ ਰਾਖੀ ਲਈ ਵਚਨਬੱਧ ਹੈ ਤੇ ਚੀਨ ਆਸ ਕਰਦਾ ਹੈ ਕਿ ਭਾਰਤ ਵਰਤਮਾਨ ਸਥਿਤੀ ਬਾਰੇ ਕੋਈ ਗਲਤਫਹਿਮੀ ਨਾ ਰੱਖੇ। ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣ ਜੋ ਸਰਹੱਦ ਉਤੇ ਸ਼ਾਂਤੀ ਕਾਇਮ ਰੱਖਣ ਵਿਚ ਯੋਗਦਾਨ ਦੇਣ।