ਨਾਗਪੁਰ, 14 ਅਕਤੂਬਰ
ਮੁੱਖ ਅੰਸ਼
- ਜੇਲ੍ਹ ’ਚੋਂ ਤੁਰੰਤ ਰਿਹਾਅ ਕਰਨ ਦੇ ਦਿੱਤੇ ਹੁਕਮ
- ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਕਾਨੂੰਨੀ ਨਜ਼ਰੀਏ ਤੋਂ ਗਲਤ ਦੱਸਿਆ
- ਸਾਈਬਾਬਾ ਤੋਂ ਇਲਾਵਾ ਪੰਜ ਹੋਰਾਂ ਦੀ ਰਿਹਾਈ ਦੇ ਵੀ ਹੁਕਮ
ਬੰਬੇ ਹਾਈ ਕੋਰਟ ਨੇ ਮਾਓਵਾਦੀਆਂ ਨਾਲ ਕਥਿਤ ਸਬੰਧਾਂ ਨਾਲ ਜੁੜੇ ਕੇਸ ’ਚ ਦਿੱਲੀ ਯੂਨੀਵਰਸਿਟੀ (ਡੀਯੂ) ਦੇ ਸਾਬਕਾ ਪ੍ਰੋਫੈਸਰ ਜੀਐੱਨ ਸਾਈਬਾਬਾ ਨੂੰ ਗ੍ਰਿਫ਼ਤਾਰੀ ਤੋਂ ਤਕਰੀਬਨ ਅੱਠ ਸਾਲ ਬਾਅਦ ਅੱਜ ਬਰੀ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਤੋਂ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਸ ਕੇਸ ’ਚ ਨਾਮਜ਼ਦ ਪੰਜ ਹੋਰਾਂ ਨੂੰ ਵੀ ਬਰੀ ਕਰਦਿਆਂ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਕਾਨੂੰਨ (ਯੂਏਪੀਏ) ਦੀਆਂ ਧਾਰਾਵਾਂ ਤਹਿਤ ਕੇਸ ’ਚ ਮੁਲਜ਼ਮ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਦੇ ਹੁਕਮ ‘ਕਾਨੂੰਨੀ ਨਜ਼ਰੀਏ ਤੋਂ ਗਲਤ ਤੇ ਅਵੈਧ’ ਸਨ। ਜਸਟਿਸ ਰੋਹਿਤ ਦੇਵ ਤੇ ਜਸਟਿਸ ਅਨਿਲ ਪਾਨਸਰੇ ਦੇ ਨਾਗਪੁਰ ਬੈਂਚ ਨੇ ਸਾਈਬਾਬਾ ਨੂੰ ਦੋਸ਼ੀ ਕਰਾਰ ਦੇਣ ਤੇ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਹੇਠਲੀ ਅਦਾਲਤ ਦੇ 2017 ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਪਟੀਸ਼ਨ ਸਵੀਕਾਰ ਕਰ ਲਈ। ਸਾਈਬਾਬਾ (52) ਸਰੀਰਕ ਤੌਰ ’ਤੇ ਅਸਮਰੱਥ ਹੋਣ ਕਾਰਨ ਵ੍ਹੀਲਚੇਅਰ ਦੀ ਮਦਦ ਲੈਂਦੇ ਹਨ। ਉਨ੍ਹਾਂ ਨੂੰ ਨਾਗਪੁਰ ਦੀ ਕੇਂਦਰੀ ਜੇਲ੍ਹ ’ਚ ਰੱਖਿਆ ਗਿਆ ਹੈ। ਉਨ੍ਹਾਂ ਨੂੰ ਫਰਵਰੀ 2014 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮਹਾਰਾਸ਼ਟਰ ਦੇ ਗੜਚਿਰੌਲੀ ਜ਼ਿਲ੍ਹੇ ਦੀ ਇੱਕ ਸੈਸ਼ਨ ਅਦਾਲਤ ਨੇ ਮਾਰਚ 2017 ’ਚ ਸਾਈਬਾਬਾ, ਇੱਕ ਪੱਤਰਕਾਰ ਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਇੱਕ ਵਿਦਿਆਰਥੀ ਸਮੇਤ ਹੋਰਾਂ ਨੂੰ ਮਾਓਵਾਦੀਆਂ ਨਾਲ ਕਥਿਤ ਸਬੰਧਾਂ ਤੇ ਦੇਸ਼ ਖ਼ਿਲਾਫ਼ ਜੰਗ ਛੇੜਨ ਦੀਆਂ ਗਤੀਵਿਧੀਆਂ ’ਚ ਸ਼ਾਮਲ ਹੋਣ ਦਾ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਸਾਈਬਾਬਾ ਤੇ ਹੋਰਾਂ ਨੂੰ ਯੂਏਪੀਏ ਤੇ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਹਾਈ ਕੋਰਟ ਦੇ ਬੈਂਚ ਨੇ ਟਿੱਪਣੀ ਕੀਤੀ ਕਿ ਜਦੋਂ 2014 ’ਚ ਹੇਠਲੀ ਅਦਾਲਤ ਨੇ ਮੁਦਈ ਧਿਰ ਖ਼ਿਲਾਫ਼ ਦੋਸ਼ ਪੱਤਰ ਦਾ ਨੋਟਿਸ ਲਿਆ ਸੀ ਤਾਂ ਉਸ ਸਮੇਂ ਸਾਈਬਾਬਾ ਖ਼ਿਲਾਫ਼ ਯੂਏਪੀਏ ਤਹਿਤ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਅਦਾਲਤ ਨੇ ਕਿਹਾ ਕਿ ਯੂਏਪੀਏ ਤਹਿਤ ਵੈਧ ਪ੍ਰਵਾਨਗੀ ਨਾ ਹੋਣ ਕਾਰਨ ਹੇਠਲੀ ਅਦਾਲਤ ਦੀ ਕਾਰਵਾਈ ਅਵੈਧ ਹੈ ਅਤੇ ਇਸ ਲਈ ਹੇਠਲੀ ਅਦਾਲਤ ਦੇ ਹੁਕਮ ਦਰਕਿਨਾਰ ਕੀਤੇ ਜਾਣ ਤੇ ਰੱਦ ਕੀਤੇ ਜਾਣ ਲਾਇਕ ਹਨ।
ਅਦਾਲਤ ਨੇ ਸਾਈਬਾਬਾ ਤੋਂ ਇਲਾਵਾ ਮਹੇਸ਼ ਕਾਰੀਮਾਨ ਟਿਰਕੀ, ਪਾਂਡੂ ਪੋਰਾ ਨਾਰੋਤੇ (ਦੋਵੇਂ ਕਿਸਾਨ), ਹੇਮ ਕੇਸ਼ਵਦੱਤ ਮਿਸ਼ਰਾ (ਵਿਦਿਆਰਥੀ) ਅਤੇ ਪ੍ਰਸ਼ਾਂਤ ਸਾਂਗਲੀਕਰ (ਪੱਤਰਕਾਰ) ਨੂੰ ਵੀ ਬਰੀ ਕਰ ਦਿੱਤਾ ਹੈ। ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਇਲਾਵਾ ਵਿਜੈ ਟਿਰਕੀ (ਮਜ਼ਦੂਰ) ਨੂੰ ਵੀ ਬਰੀ ਕਰ ਦਿੱਤਾ ਗਿਆ ਹੈ। ਉਸ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਨਾਰੋਤੇ ਦੀ ਕੇਸ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ। ਬੈਂਚ ਨੇ ਹੁਕਮ ਦਿੱਤਾ ਕਿ ਜੇਕਰ ਪਟੀਸ਼ਨਰ ਕਿਸੇ ਹੋਰ ਕੇਸ ’ਚ ਦੋਸ਼ੀ ਨਹੀਂ ਹਨ ਤਾਂ ਉਨ੍ਹਾਂ ਨੂੰ ਜੇਲ੍ਹ ਤੋਂ ਤੁਰੰਤ ਰਿਹਾਅ ਕੀਤਾ ਜਾਵੇ। -ਪੀਟੀਆਈ
ਮੈਨੂੰ ਉਨ੍ਹਾਂ ਦੀ ਰਿਹਾਈ ਦਾ ਯਕੀਨ ਸੀ: ਵਸੰਤ ਕੁਮਾਰੀ
ਨਵੀਂ ਦਿੱਲੀ: ਪ੍ਰੋ. ਸਾਈਬਾਬਾ ਦੀ ਪਤਨੀ ਏਐੱਸ ਵਤੰਸ ਕੁਮਾਰੀ ਨੇ ਅੱਜ ਕਿਹਾ ਕਿ ਲੰਘੇ ਅੱਠ ਸਾਲ ਇੱਕ ਲੰਮਾ ਸਮਾਂ ਸੀ ਪਰ ਉਨ੍ਹਾਂ ਨੂੰ ਯਕੀਨ ਸੀ ਉਹ ਉਹ ਇੱਕ ਦਿਨ ਰਿਹਾਅ ਹੋਣਗੇ। ਉਨ੍ਹਾਂ ਕਿਹਾ, ‘ਮੈਂ ਤੇ ਸਾਈ ਬਚਪਨ ਦੇ ਦੋਸਤ ਹਾਂ। ਪਰ ਪਿਛਲੇ ਅੱਠ ਸਾਲਾਂ ਤੋਂ ਅਸੀਂ ਵਿਛੜੇ ਹੋਏ ਹਾਂ। ਇਹ ਸਾਡੇ ਇੱਕ-ਦੂਜੇ ਤੋਂ ਦੂਰ ਰਹਿਣ ਦਾ ਸਭ ਤੋਂ ਲੰਮਾ ਸਮਾਂ ਰਿਹਾ।’ ਉਨ੍ਹਾਂ ਕਿਹਾ, ‘ਸਾਨੂੰ ਭਰੋਸਾ ਸੀ ਕਿ ਉਹ ਬਰੀ ਹੋ ਜਾਣਗੇ ਕਿਉਂਕਿ ਉਨ੍ਹਾਂ ਕੁਝ ਵੀ ਗਲਤ ਨਹੀਂ ਕੀਤਾ। ਕੋਈ ਅਪਰਾਧ ਤੇ ਸਬੂਤ ਨਹੀਂ ਸੀ। ਮੈਂ ਨਿਆਂਪਾਲਿਕਾ ਤੇ ਸਾਡੀ ਹਮਾਇਤ ਕਰਨ ਵਾਲੇ ਸਾਰੇ ਲੋਕਾਂ ਦੀ ਧੰਨਵਾਦੀ ਹਾਂ। ਉਹ ਇੱਕ ਬੁੱਧੀਜੀਵੀ ਤੇ ਪ੍ਰੋਫੈਸਰ ਹਨ ਜੋ ਸਿਰਫ਼ ਪੜ੍ਹਨਾ ਤੇ ਆਪਣੇ ਵਿਚਾਰ ਲਿਖਣਾ ਜਾਣਦੇ ਹਨ।’ ਇਸੇ ਦੌਰਾਨ ਪ੍ਰੋ. ਸਾਈਬਾਬਾ ਨੂੰ ਬਰੀ ਕੀਤੇ ਜਾਣ ਦੇ ਫ਼ੈਸਲੇ ਦਾ ਖੱਬੀਆਂ ਪਾਰਟੀਆਂ ਨੇ ਸਵਾਗਤ ਕੀਤਾ ਹੈ। -ਪੀਟੀਆਈ
ਰਿਹਾਈ ਖ਼ਿਲਾਫ਼ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਪ੍ਰੋ. ਸਾਈਬਾਬਾ ਨੂੰ ਰਿਹਾਅ ਕੀਤੇ ਜਾਣ ਸਬੰਧੀ ਬੰਬੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਮਹਾਰਾਸ਼ਟਰ ਦੀ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤੀ ਦੇ ਦਿੱਤੀ ਹੈ। ਸੁਪਰੀਮ ਕੋਰਟ ਦੀ ਵੈੱਬਸਾਈਟ ਅਨੁਸਾਰ ਕੇਸ ਦੀ ਸੁਣਵਾਈ 15 ਅਕਤੂਬਰ ਨੂੰ ਸਵੇਰੇ 11 ਵਜੇ ਜਸਟਿਸ ਐੱਮਆਰ ਸ਼ਾਹ ਤੇ ਜਸਟਿਸ ਬੇਲਾ ਐੱਮ ਤ੍ਰਿਵੇਦੀ ਦਾ ਬੈਂਚ ਕਰੇਗਾ। ਮਹਾਰਾਸ਼ਟਰ ਸਰਕਾਰ ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਲੀਲ ਦਿੱਤੀ ਕਿ ਪ੍ਰੋ. ਸਾਈਬਾਬਾ ਨੂੰ ਰਿਹਾਈ ਯੋਗਤਾ ਦੇ ਆਧਾਰ ’ਤੇ ਨਹੀਂ ਬਲਕਿ ਉਨ੍ਹਾਂ ਖ਼ਿਲਾਫ਼ ਯੂਏਪੀਏ ਤਹਿਤ ਮੁਕੱਦਮਾ ਚਲਾਉਣ ਦੀ ਢੁੱਕਵੀਂ ਮਨਜ਼ੂਰੀ ਦੀ ਘਾਟ ਕਾਰਨ ਮਿਲੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਦੀ ਪਟੀਸ਼ਨ ’ਤੇ ਤੁਰੰਤ ਵਿਚਾਰ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਨੂੰ ਆਪਣੀ ਅਰਜ਼ੀ ਰਜਿਸਟਰੀ ਕੋਲ ਦੇਣ ਲਈ ਕਿਹਾ ਸੀ। -ਪੀਟੀਆਈ