ਮੁੰਬਈ, 12 ਨਵੰਬਰ
ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਇਥੇ ਨਿੱਜੀ ਹਸਪਤਾਲ ਦੇ ਡਾਕਟਰਾਂ ਦੇ ਪੈਨਲ ਨੂੰ ਵੀਡੀਓ ਲਿੰਕ ਰਾਹੀਂ ਜੇਲ੍ਹ ਵਿਚ ਬੰਦ ਕਵੀ ਤੇ ਸਮਾਜਿਕ ਕਾਰਕੁਨ ਵਰਵਰਾ ਰਾਓ ਦੀ ਡਾਕਟਰੀ ਜਾਂਚ ਕਰਵਾਉਣ ਲਈ ਨਿਰਦੇਸ਼ ਦਿੱਤੇ। 81 ਸਾਲਾ ਰਾਓ ਨਵੀਂ ਮੁੰਬਈ ਦੀ ਤਲੋਜਾ ਜੇਲ੍ਹ ਵਿਚ ਬੰਦ ਹਨ। ਜਸਟਿਸ ਏਕੇ ਮੈਨਨ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਸ੍ਰੀ ਰਾਓ ਦੀ ਪਤਨੀ ਹੇਮਲਤਾ ਦੁਆਰਾ ਦਾਇਰ ਪਟੀਸ਼ਨ ‘ਤੇ ਸੁਣਵਾਈ ’ਤੇ ਇਹ ਹੁਕਮ ਦਿੱਤਾ। ਪਟੀਸਨ ਵਿੱਚ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਦੇ ਪਤੀ ਨੂੰ ਬਿਹਤਰ ਇਲਾਜ ਲਈ ਨਿੱਜੀ ਨਾਨਾਵਤੀ ਹਸਪਤਾਲ ਵਿੱਚ ਤਬਦੀਲ ਕੀਤਾ ਜਾਵੇ। ਉਨ੍ਹਾਂ ਦੀ ਸਿਹਤ ਦਾ ਜਾਇਜ਼ਾ ਲੈਣ ਲਈ ਸੁਤੰਤਰ ਮੈਡੀਕਲ ਬੋਰਡ ਬਣਾਇਆ ਜਾਵੇ ਅਤੇ ਜ਼ਮਾਨਤ ’ਤੇ ਰਿਹਾਅ ਕੀਤਾ ਜਾਵੇ। ਰਾਓ ਦੀ ਵਕੀਲ ਇੰਦਰਾ ਜੈਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਮੁਵੱਕਿਲ ਦੀ ਸਿਹਤ “ਤੇਜ਼ੀ ਨਾਲ ਵਿਗੜ ਰਹੀ” ਹੈ ਅਤੇ ਇਸ ਗੱਲ ਦੀ ਜਾਇਜ਼ ਖਦਸ਼ਾ ਹੈ ਕਿ ਸ਼ਾਇਦ ਉਹ ਜੇਲ੍ਹ ਵਿੱਚ ਮਰ ਜਾਣਗੇ। ਵਕੀਲ ਨੇ ਕਿਹਾ ਕਿ ਰਾਓ ਦਿਮਾਗੀ ਕਮਜ਼ੋਰੀ ਤੋਂ ਪੀੜਤ ਹੈ ਅਤੇ ਅਗਸਤ ਤੋਂ ਹੀ ਜੇਲ੍ਹ ਦੇ ਹਸਪਤਾਲ ਵਿੱਚ ਬਿਸਤਰੇ ’ਤੇ ਹਨ। ਜੇ ਰਾਓ ਜੇਲ੍ਹ ਵਿੱਚ ਚਲਾਣਾ ਕਰ ਜਾਂਦੇ ਹਨ, ਤਾਂ ਇਹ “ਹਿਰਾਸਤ ਵਿੱਚ ਆਉਣ ਵਾਲੀ ਮੌਤ” ਦਾ ਕੇਸ ਹੋਵੇਗਾ।