ਚੇਨੱਈ, 27 ਅਗਸਤ
ਦੁਬਈ ਜਾ ਰਹੀ ਨਿੱਜੀ ਕੰਪਨੀ ਦੀ ਉਡਾਣ ’ਚ ਬੰਬ ਹੋਣ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਵਿਅਕਤੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੁਬਈ ਜਾਣ ਤੋਂ ਰੋਕਣ ਲਈ ਫਰਜ਼ੀ ਫੋਨ ਕੀਤਾ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸ਼ਹਿਰ ਦੇ ਰਹਿਣ ਵਾਲੇ ਵਿਅਕਤੀ ਦੇ ਪਰਿਵਾਰ ਦੇ ਦੋ ਮੈਂਬਰ ਦੁਬਈ ਜਾ ਰਹੇ ਸਨ ਤੇ ਉਨ੍ਹਾਂ ਨੂੰ ਰੋਕਣ ਲਈ ਇਸ ਨੇ ਪੁਲੀਸ ਕੰਟਰੋਲ ਰੂਮ ’ਚ ਫੋਨ ਕਰਕੇ ਜਹਾਜ਼ ’ਚ ਬੰਬ ਹੋਣ ਦੀ ਧਮਕੀ ਦਿੱਤੀ ਸੀ। ਇੰਡੀਗੋ ਦੇ ਇਸ ਜਹਾਜ਼ ਨੇ ਸਵੇਰੇ 7.20 ਵਜੇ ਉਡਾਣ ਭਰਨੀ ਸੀ। ਇਸ ਫੋਨ ਮਗਰੋਂ ਸੁਰੱਖਿਆ ਏਜੰਸੀਆਂ ਨੇ ਜਹਾਜ਼ ਦੇ ਅੰਦਰ ਪੂਰੀ ਤਰ੍ਹਾਂ ਜਾਂਚ ਕੀਤੀ ਪਰ ਜਹਾਜ਼ ’ਚੋਂ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਪੁਲੀਸ ਨੇ ਜਦੋਂ ਫੋਨ ਕਾਲ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਸ਼ਹਿਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੁਬਈ ਜਾਣ ਤੋਂ ਰੋਕਣ ਲਈ ਅਜਿਹਾ ਕੀਤਾ ਸੀ। ਪੁਲੀਸ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ ਹੈ। -ਪੀਟੀਆਈ