ਬੰਗਲੌਰ, 1 ਅਗਸਤ
ਕਰਨਾਟਕ ਦੇ ਮੁੱਖ ਮੰਤਰੀ ਬਸਵਾਰਾਜ ਬੋਮਈ ਨੇ ਅੱਜ ਇੱਥੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਸਾਬਕਾ ਹਾਊਸਿੰਗ ਮੰਤਰੀ ਵੀ ਸੋਮੰਨਾ ਬੋਮਈ ਵੀ ਉਨ੍ਹਾਂ ਨਾਲ ਸਨ। ਮੁੱਖ ਮੰਤਰੀ ਨੇ ਜਨਤਾ ਦਲ (ਸੈਕੁਲਰ) ਸੁਪਰੀਮੋ ਨਾਲ ਹੋਰ ਮੁੱਦਿਆਂ ਬਾਰੇ ਵੀ ਸੰਖੇਪ ਵਿੱਚ ਚਰਚਾ ਕੀਤੀ। ਦੇਵ ਗੌੜਾ ਨੇ ਬਾਅਦ ਵਿੱਚ ਬੋਮਈ ਨੂੰ ਸ਼ਾਲ, ਹਾਰ ਅਤੇ ਗੁਲਦਸਤਾ ਭੇਟ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੋਮਈ ਨੇ ਕਿਹਾ ਕਿ ਗੌੜਾ ਬਹੁਤ ਹੀ ਸੀਨੀਅਰ ਆਗੂ ਹਨ ਅਤੇ ਉਨ੍ਹਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਮਰਹੂਮ ਐੱਸਆਰ ਬੋਮਈ ਦੇ ਸਿਆਸੀ ਸਹਿਯੋਗੀ ਰਹੇ ਹਨ। ਉਨ੍ਹਾਂ ਕਿਹਾ, ‘‘ਉਹ ਇੱਥੇ ਦੇਵ ਗੌੜਾ ਤੋਂ ਆਸ਼ੀਰਵਾਦ ਲੈਣ ਆਏ ਸਨ।’’ ਬੋਮਈ ਨੇ ਕਿਹਾ, ‘‘ਉਨ੍ਹਾਂ ਨੇ ਮੈਨੂੰ ਸੂਬੇ ਲਈ ਚੰਗਾ ਕੰਮ ਕਰਨ ਅਤੇ ਸਮੱਸਿਆਵਾਂ ਵੱਲ ਧਿਆਨ ਦੇਣ ਲਈ ਕਿਹਾ ਹੈ।’’ ਬੋਮਈ 2008 ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਜਨਤਾ ਦਲ (ਯੂ) ਵਿੱਚ ਸਨ। -ਪੀਟੀਆਈ