ਦਵਿੰਦਰ ਪਾਲ
ਚੰਡੀਗੜ੍ਹ, 30 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਤਰੁਣ ਚੁੱਘ ਵੱਲੋਂ ਦਿੱਤੇ ਗਏ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮੁੱਖ ਮੰਤਰੀ ਨੇ ਫ਼ੌਜੀ ਪਿਛੋਕੜ ਸਬੰਧੀ ਚੁੱਘ ਦੀ ਟਿੱਪਣੀ ਨੂੰ ਨਿੰਦਣਯੋਗ ਕਰਾਰ ਦਿੱਤਾ। ਉਨ੍ਹਾਂ ਕਿਹਾ, ‘‘ਭਾਜਪਾ ਜਾਂ ਉਸ ਦੀ ਲੀਡਰਸ਼ਿਪ ਨੂੰ ਫ਼ੌਜ ਦੇ ਮਾਣ-ਸਤਿਕਾਰ ਜਾਂ ਕੌਮੀ ਤਿਰੰਗੇ ਦੀ ਅਹਿਮੀਅਤ ਬਾਰੇ ਕੀ ਪਤਾ, ਜਿਸ ਵਿੱਚ ਹਰੇਕ ਦੂਜੇ ਦਿਨ ਸਰਹੱਦਾਂ ਤੋਂ ਸਾਡੇ ਪੰਜਾਬੀ ਭਰਾਵਾਂ ਦੀਆਂ ਦੇਹਾਂ ਲਿਪਟ ਕੇ ਆਉਂਦੀਆਂ ਹਨ।’’ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਮਾਣ ਅਤੇ ਅਖੰਡਤਾ ਦੀ ਰਾਖੀ ਲਈ ਜਾਨਾਂ ਨਿਛਾਵਰ ਕਰ ਰਹੇ ਸੈਨਿਕਾਂ ਪ੍ਰਤੀ ਭਾਜਪਾ ਨੂੰ ਸਪੱਸ਼ਟ ਤੌਰ ਉੱਤੇ ਕੋਈ ਹਮਦਰਦੀ ਜਾਂ ਸੰਵੇਦਨਾ ਨਹੀਂ ਹੈ। ਨਾ ਚੁੱਘ ਤੇ ਨਾ ਹੀ ਉਸ ਦੀ ਪਾਰਟੀ ਉਨ੍ਹਾਂ ਸੈਨਿਕਾਂ ਦੀ ਵੇਦਨਾ ਨੂੰ ਸਮਝ ਸਕਦੀ ਹੈ ਜੋ ਹੱਕ ਮੰਗਣ ’ਤੇ ਆਪਣੇ ਪਿਤਾ ਤੇ ਭਰਾਵਾਂ ’ਤੇ ਤਸ਼ੱਦਦ ਹੁੰਦਾ ਦੇਖਦੇ ਹਨ। ਉਨ੍ਹਾਂ ਕਿਹਾ ਕਿ ਮੁਲਕ ਦੀ ਰਾਖੀ ਲਈ ਸਰਹੱਦਾਂ ’ਤੇ ਲੜ ਰਹੇ ਬਹਾਦਰ ਭਾਰਤੀ ਸੈਨਿਕਾਂ ਦੇ ਮਾਣ-ਸਤਿਕਾਰ ਨਾਲ ਸਬੰਧਤ ਮੁੱਦੇ ਉਤੇ ਚੁੱਘ ਜਾਣ-ਬੁੱਝ ਕੇ ਕੂੜ ਪ੍ਰਚਾਰ ਕਰ ਰਹੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਜਪਾ ਗਣਤੰਤਰ ਦਿਵਸ ਦੇ ਮਾਣ-ਸਤਿਕਾਰ ਦੀ ਗੱਲ ਕਰਨ ਦੇ ਸਾਰੇ ਨੈਤਿਕ ਹੱਕ ਗੁਆ ਚੁੱਕੀ ਹੈ। ਉਸ ਨੇ ਪਿਛਲੇ ਛੇ ਸਾਲਾਂ ਵਿੱਚ, ਖ਼ਾਸ ਕਰ ਕੇ ਘਾਤਕ ਖੇਤੀ ਕਾਨੂੰਨਾਂ ਨਾਲ ਸੰਵਿਧਾਨਕ ਤਾਣੇ-ਬਾਣੇ ਨੂੰ ਸੋਚੀ-ਸਮਝੀ ਸਾਜਿਸ਼ ਤਹਿਤ ਖੇਰੂੰ-ਖੇਰੂੰ ਕਰ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਿਸੇ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾ ਖੇਤੀ ਕਾਨੂੰਨ ਲਿਆ ਕੇ ਸੰਘੀ ਢਾਂਚੇ ਅਤੇ ਸੂਬਿਆਂ ਦੇ ਸੰਵਿਧਾਨਕ ਹੱਕਾਂ ਦਾ ਘਾਣ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਰਾਜ ਵਿੱਚ ਵੀ ਸਮੱਸਿਆ ਖੜ੍ਹੀ ਹੁੰਦੀ ਦੇਖਣਾ ਚਾਹੁੰਦੀ ਹੈ।