ਨਵੀਂ ਦਿੱਲੀ, 28 ਅਪਰੈਲ
ਦੇਸ਼ ਦੇ ਕਈ ਹਿੱਸਿਆਂ ’ਚ ਲੂ ਚੱਲਣ ਅਤੇ ਕੋਲੇ ਦੀ ਘਾਟ ਕਾਰਨ ਬਲੈਕ ਆਊਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬਿਆਂ ਨੂੰ ਬਿਜਲੀ ਸਪਲਾਈ ਬਹਾਲ ਰੱਖਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਕਈ ਬਿਜਲੀ ਘਰਾਂ ’ਚ ਕੋਲੇ ਦਾ ਭੰਡਾਰ ਖ਼ਤਮ ਹੋ ਗਿਆ ਹੈ। ਜੰਮੂ ਕਸ਼ਮੀਰ ਤੋਂ ਆਂਧਰਾ ਪ੍ਰਦੇਸ਼ ਤੱਕ 2 ਤੋਂ 8 ਘੰਟਿਆਂ ਦੇ ਬਿਜਲੀ ਕੱਟ ਲੱਗ ਰਹੇ ਹਨ। ਪੂਰੀ ਬਿਜਲੀ ਨਾ ਮਿਲਣ ਕਾਰਨ ਫੈਕਟਰੀਆਂ ਠੱਪ ਹੋ ਕੇ ਰਹਿ ਗਈਆਂ ਹਨ ਅਤੇ ਖੇਤਾਂ ’ਚ ਖੜ੍ਹੀਆਂ ਫ਼ਸਲਾਂ ਨੂੰ ਬਚਾਉਣਾ ਮੁਸ਼ਕਲ ਹੋ ਗਿਆ ਹੈ। ਦੇਸ਼ ’ਚ ਅਪਰੈਲ ਦੇ ਮਹੀਨੇ ’ਚ ਤਿੱਖੀ ਗਰਮੀ ਪੈਣ ਕਾਰਨ ਬਿਜਲੀ ਦੀ ਮੰਗ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਦੇਸ਼ ’ਚ 62.3 ਕਰੋੜ ਯੂਨਿਟ ਬਿਜਲੀ ਦੀ ਕਮੀ ਹੋ ਗਈ ਹੈ। ਦੇਸ਼ ’ਚ 27 ਅਪਰੈਲ ਨੂੰ ਬਿਜਲੀ ਦੀ ਮੰਗ ਸਭ ਤੋਂ ਵਧ 200.65 ਗੀਗਾਵਾਟ ਸੀ। ਅੰਕੜਿਆਂ ਮੁਤਾਬਕ 147 ਪਲਾਂਟਾਂ ’ਚ 14,172 ਹਜ਼ਾਰ ਟਨ ਕੋਲਾ ਸੀ ਜਦਕਿ ਨੇਮਾਂ ਮੁਤਾਬਕ ਇਹ 57,033 ਹਜ਼ਾਰ ਟਨ ਹੋਣਾ ਚਾਹੀਦਾ ਸੀ। ਉੱਤਰ ਪ੍ਰਦੇਸ਼ ’ਚ 23 ਹਜ਼ਾਰ ਮੈਗਾਵਾਟ ਦੀ ਬਜਾਏ ਸਿਰਫ਼ 20 ਹਜ਼ਾਰ ਮੈਗਾਵਾਟ ਬਿਜਲੀ ਦੀ ਮੰਗ ਪੂਰੀ ਹੋ ਰਹੀ ਹੈ ਜਿਸ ਕਾਰਨ ਦਿਹਾਤੀ ਅਤੇ ਛੋਟੇ ਨਗਰਾਂ ’ਚ ਕੱਟ ਲੱਗ ਰਹੇ ਹਨ। ਕਸ਼ਮੀਰ ਵਾਦੀ ’ਚ ਵੀ ਅਣਐਲਾਨੇ ਕੱਟ ਲੱਗ ਰਹੇ ਹਨ। ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਬਿਜਲੀ ਪੂਰੀ ਨਾ ਮਿਲਣ ਕਰਕੇ ਲੋਕਾਂ ਦੀਆਂ ਦਿੱਕਤਾਂ ਵਧ ਗਈਆਂ ਹਨ। ਤਾਮਿਲ ਨਾਡੂ ’ਚ ਬਿਜਲੀ ਕੱਟਾਂ ਕਾਰਨ ਸਨਅਤਾਂ ਨੂੰ ਝਟਕਾ ਲੱਗਾ ਹੈ। ਆਂਧਰਾ ਪ੍ਰਦੇਸ਼ ’ਚ ਬਿਜਲੀ ਘਰਾਂ ਵੱਲੋਂ ਹਰ ਹਫ਼ਤੇ ਸਨਅਤਾਂ ਲਈ ਦੋ ਦਿਨ ਦੀ ‘ਪਾਵਰ ਹੋਲੀਡੇਅ’ ਲਾਗੂ ਕੀਤੀ ਗਈ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਮੰਨਿਆ ਕਿ ਬਿਜਲੀ ਖ਼ਰੀਦਣ ਲਈ ਵਾਧੂ ਫੰਡ ਜਾਰੀ ਕੀਤੇ ਗਏ ਹਨ। ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਝਾਰਖੰਡ ਦੇ ਟੈਕਸਪੇਅਰ ਹੋਣ ਦੇ ਨਾਤੇ ਉਹ ਜਾਨਣਾ ਚਾਹੁੰਦੀ ਹੈ ਕਿ ਕਈ ਸਾਲਾਂ ਤੋਂ ਸੂਬੇ ’ਚ ਬਿਜਲੀ ਸੰਕਟ ਕਿਉਂ ਬਣਿਆ ਹੋਇਆ ਹੈ। ਉੜੀਸਾ ਸਰਕਾਰ ਨੇ ਦਾਅਵਾ ਕੀਤਾ ਕਿ ਅਪਰੈਲ ਦੇ ਅਖੀਰ ਤੱਕ ਬਿਜਲੀ ਸੰਕਟ ਹੱਲ ਹੋ ਜਾਵੇਗਾ। ਬਿਹਾਰ ’ਚ ਵੀ ਵੱਡੇ ਬਿਜਲੀ ਕੱਟ ਲੱਗ ਰਹੇ ਹਨ। ਰਾਜਸਥਾਨ ’ਚ ਬਿਜਲੀ ਦੀ ਮੰਗ 31 ਫ਼ੀਸਦ ਤੱਕ ਵਧ ਗਈ ਹੈ ਜਿਸ ਕਾਰਨ ਰੋਜ਼ਾਨਾ 5 ਤੋਂ 7 ਘੰਟੇ ਦੇ ਕੱਟ ਲੱਗ ਰਹੇ ਹਨ। ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਕਿਹਾ ਕਿ ਲੋਕਾਂ ਨੂੰ ਬਿਨ੍ਹਾਂ ਕੱਟਾਂ ਦੇ ਬਿਜਲੀ ਸਪਲਾਈ ਅਗਲੇ ਕੁਝ ਦਿਨਾਂ ’ਚ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ’ਚ ਬਿਜਲੀ ਦੀ ਮੰਗ 8100 ਮੈਗਾਵਾਟ ਹੈ ਅਤੇ ਇਸ ’ਚ ਮੌਜੂਦਾ ਸਮੇਂ ’ਚ 300 ਮੈਗਾਵਾਟ ਦੀ ਕਮੀ ਆ ਰਹੀ ਹੈ ਜਿਸ ਨੂੰ ਸ਼ਨਿਚਰਵਾਰ ਤੱਕ ਪੂਰਾ ਕਰ ਲਿਆ ਜਾਵੇਗਾ। ਗੁਜਰਾਤ ਊਰਜਾ ਵਿਕਾਸ ਨਿਗਮ ਲਿਮਟਿਡ ਦੇ ਐੱਮਡੀ ਜੈ ਪ੍ਰਕਾਸ਼ ਸ਼ਿਵਹਰੇ ਨੇ ਦਾਅਵਾ ਕੀਤਾ ਕਿ ਕੋਲੇ ਦੀ ਕਮੀ ਦਾ ਅਸਰ ਬਿਜਲੀ ’ਤੇ ਨਹੀਂ ਪੈ ਰਿਹਾ ਹੈ। ਗੋਆ ਸਰਕਾਰ ਨੇ 120 ਮੈਗਾਵਾਟ ਵਾਧੂ ਬਿਜਲੀ ਖ਼ਰੀਦੀ ਹੈ ਜਦਕਿ ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਬਿਜਲੀ ਦੀ ਮੰਗ ਨੂੰ ਪੂਰਾ ਕਰ ਰਹੇ ਹਨ। ਤ੍ਰਿਪੁਰਾ ’ਚ ਕੇਂਦਰੀ ਪੀਐੱਸਯੂਜ਼ ਤੋਂ ਬਿਜਲੀ ਖ਼ਰੀਦ ਕੇ ਕਰੀਬ 140-150 ਮੈਗਾਵਾਟ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ। -ਪੀਟੀਆਈ