ਚੇਨੱਈ, 7 ਜੂਨ
ਤਾਮਿਲ ਨਾਡੂ ਸਰਕਾਰ ਨੇ ਸੂਬੇ ਵਿੱਚ ਕਾਲੀ ਫੰਗਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਐਮਫੋਟੈਰੀਸਿਨ ਬੀ ਡਰੱਗ ਤੇ ਹੋਰ ਦਵਾਈਆਂ ਦੀ ਖਰੀਦ ਲਈ ਮੁੱਖ ਮੰਤਰੀ ਜਨਤਕ ਰਾਹਤ ਫੰਡ (ਸੀਐੱਮਪੀਆਰਐੱਫ) ਵਿੱਚੋਂ 25 ਕਰੋੜ ਰੁਪਏ ਅਲਾਟ ਕੀਤੇ ਹਨ। ਇਹ ਐਲਾਨ ਅਜਿਹੇ ਮੌਕੇ ਕੀਤਾ ਗਿਆ ਹੈ ਜਦੋਂ ਸੂਬਾ ਸਰਕਾਰ ਕਾਲੀ ਫੰਗਸ ਨੂੰ ਰੋਗ ਵਜੋਂ ਨੋਟੀਫਾਈ ਕਰ ਚੁੱਕੀ ਹੈ। ਮੈਡੀਕਲ ਮੰਤਰੀ ਐੱਮ.ਸੁਬਰਾਮਨੀਅਨ ਮੁਤਾਬਕ ਹੁਣ ਸੂਬੇ ਵਿੱਚ 921 ਵਿਅਕਤੀ ਕਾਲੀ ਫੰਗਸ ਦਾ ਸ਼ਿਕਾਰ ਹੋ ਚੁੱਕੇ ਹਨ। ਇਕ ਸਰਕਾਰੀ ਬਿਆਨ ਮੁਤਾਬਕ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਨੇ ਕਾਲੀ ਫੰਗਸ ਦੇ ਇਲਾਜ ਲਈ ਐਮਫੋਟੈਰੀਸਿਨ ਬੀ ਤੇ ਹੋਰ ਜੀਵਨ ਰੱਖਿਅਕ ਦਵਾਈਆਂ ਦੀ ਖਰੀਦ ਲਈ 25 ਕਰੋੜ ਰੁਪਏ ਅਲਾਟ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕੇਂਦਰੀ ਸਿਹਤ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸੂਬੇ ਨੂੰ ਢੁੱਕਵੀਂ ਗਿਣਤੀ ’ਚ ਐਮਫੋਟੈਰੀਸਿਨ ਬੀ ਡਰੱਗ ਅਲਾਟ ਕੀਤੀ ਜਾਵੇ। -ਪੀਟੀਆਈ