ਨਵੀਂ ਦਿੱਲੀ, 7 ਨਵੰਬਰ
ਚੀਨ ਨਾਲ ਸਰਹੱਦੀ ਵਿਵਾਦ ਬਾਰੇ ਭਾਜਪਾ ਦੀ ‘ਚੁੱਪ’ ਉਤੇ ਕਾਂਗਰਸ ਨੇ ਅੱਜ ਸਵਾਲ ਉਠਾਇਆ ਤੇ ਕਿਹਾ ਕਿ ਸੱਤਾਧਾਰੀ ਪਾਰਟੀ ਦਾ ‘ਰਾਸ਼ਟਰਵਾਦ ਨਕਲੀ ਹੈ’। ਕਾਂਗਰਸ ਨੇ ਸਵਾਲ ਕੀਤਾ ਕਿ ਕੀ ਭਾਜਪਾ ‘ਸਾਡੇ ਬਾਰਡਰਾਂ ਉਤੇ ਬਣੇ ਖ਼ਤਰੇ ਤੇ ਚੀਨ ਦੇ ਵੱਧ ਰਹੇ ਦਬਦਬੇ ਬਾਰੇ ਸੱਚ ਬੋਲੇਗੀ?’ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਅੱਜ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਵਿਚ ਰਿਪੋਰਟ ਕੀਤਾ ਗਿਆ ਹੈ ਕਿ ਚੀਨ ਚੁੰਬੀ ਵਾਦੀ ਵਿਚ ਸਰਗਰਮ ਹੋ ਰਿਹਾ ਤੇ ਬੁਨਿਆਦੀ ਢਾਂਚਾ ਉਸਾਰ ਰਿਹਾ ਹੈ। ਇਸ ਨੂੰ ਸਿਲੀਗੁੜੀ ਕੌਰੀਡੋਰ ਲਈ ਗੰਭੀਰ ਖ਼ਤਰਾ ਦੱਸਿਆ ਗਿਆ ਹੈ ਜੋ ਕਿ ਉੱਤਰ-ਪੂਰਬੀ ਸੂਬਿਆਂ ਨੂੰ ਬਾਕੀ ਮੁਲਕ ਨਾਲ ਜੋੜਦਾ ਹੈ। ਖੇੜਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ‘ਅੱਜ ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ ਨਕਲੀ ਰਾਸ਼ਟਰਵਾਦੀਆਂ ਦੀ ਪਾਰਟੀ ਦੀ ਕੌਮੀ ਕਾਰਜਕਾਰਨੀ ਚੀਨ ਬਾਰੇ ਕੁਝ ਬੋਲੇ, ਮੁਲਕ ਨੂੰ ਤਰੀਕ ਦੱਸੇ ਕਿ ਕਦੋਂ ਤੱਕ ਚੀਨ ਨੂੰ ਸਾਡੇ ਖੇਤਰਾਂ ਵਿਚੋਂ ਕੱਢਿਆ ਜਾਵੇਗਾ, ਸਾਡੇ ਗੁਆਂਢ ਵਿਚ ਚੀਨ ਦੇ ਦਬਦਬੇ ਦਾ ਸਾਹਮਣਾ ਕਰਨ ਲਈ ਇਹ ਸਰਕਾਰ ਕੀ ਕਰ ਰਹੀ ਹੈ?’ ਖੇੜਾ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਬਣ ਰਹੇ ਹਾਲਾਤ ਪਾਕਿਸਤਾਨ ਤੇ ਚੀਨ ਦੀ ਮਦਦ ਹੀ ਕਰ ਰਹੇ ਹਨ ਤੇ ਸਾਡੇ ਗੁਆਂਢ ਵਿਚ ਜੋ ਕੁਝ ਹੋ ਰਿਹਾ ਹੈ, ਭਾਰਤ ਉਸ ਦਾ ਮੁੱਲ ਤਾਰ ਰਿਹਾ ਹੈ। ਪਰ ਇਹ ਸਰਕਾਰ ਇਕ ਵੀ ਸ਼ਬਦ ਨਹੀਂ ਬੋਲ ਰਹੀ। ਇਸ ਤੋਂ ਪਹਿਲਾਂ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਾਂਗਰਸ ’ਤੇ ਵਿਦੇਸ਼ੀ ਮੀਡੀਆ ਰਿਪੋਰਟ ਦਾ ਹਵਾਲਾ ਦੇਣ ਲਈ ਨਿਸ਼ਾਨਾ ਸੇਧਿਆ ਜਿਸ ਵਿਚ ਹਿੰਦ-ਚੀਨ ਸਰਹੱਦ ਬਾਰੇ ਸਰਕਾਰ ਦੀ ‘ਭਰੋਸੇਯੋਗਤਾ’ ਉਤੇ ਸਵਾਲ ਖੜ੍ਹੇ ਕੀਤੇ ਗਏ ਹਨ। ਭਾਜਪਾ ਆਗੂ ਨੇ ਕਿਹਾ ਕਿ ‘ਕੁਝ ਸ਼ਰਾਰਤੀ ਮੀਡੀਆ’ ਕਹਿ ਰਿਹਾ ਹੈ ਕਿ ਚੀਨ ਨੇ ਅਰੁਣਾਚਲ ਵਿਚ ਪਿੰਡ ਬਣਾ ਲਿਆ ਹੈ, ਤੇ ਨਾਲ ਹੀ ਜ਼ਿਕਰ ਕਰ ਰਿਹਾ ਹੈ ਕਿ ਇਹ ਚੀਨ ਵੱਲੋਂ 1959 ਵਿਚ ਕਬਜ਼ੇ ’ਚ ਲਏ ਇਲਾਕੇ ਵਿਚ ਹੈ। ਇਨ੍ਹਾਂ ਦਾ ਮਕਸਦ ਕੀ ਹੈ?’ ਰਿਜਿਜੂ ਨੇ ਕਿਹਾ ਕਿ ‘ਇਹ ਲੋਕ’ ਫ਼ੌਜ ਉਤੇ ਯਕੀਨ ਨਹੀਂ ਕਰ ਰਹੇ ਪਰ ਵਿਦੇਸ਼ੀ ਮੀਡੀਆ ਦਾ ਹਵਾਲਾ ਦੇ ਕੇ ‘ਗੁਮਰਾਹਕੁੰਨ ਹੈੱਡਲਾਈਨ ਰਾਹੀਂ ਸਾਡੀ ਸਰਕਾਰ ਦੀ ਭਰੋਸੇਯੋਗਤਾ ਉਤੇ ਸਵਾਲ ਖੜ੍ਹੇ ਕਰ ਰਹੇ ਹਨ।’ -ਪੀਟੀਆਈ