ਮੁੰਬਈ, 16 ਅਪਰੈਲ
ਮਹਾਰਾਸ਼ਟਰ ਦੀ ਕੋਲਹਾਪੁਰ ਉੱਤਰੀ ਵਿਧਾਨ ਸਭਾ ਸੀਟ ਲਈ ਹੋਈ ਉਪ ਚੋਣ ’ਚ ਮਹਾ ਵਿਕਾਸ ਅਘਾੜੀ (ਐੱਮਵੀਏ) ਗੱਠਜੋੜ ਦੇ ਉਮੀਦਵਾਰ ਦੀ ਜਿੱਤ ਤੋਂ ਬਾਅਦ ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਅੱਜ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਮਸਜਿਦਾਂ ਤੋਂ ਲਾਊਡ ਸਪੀਕਰ ਲਾਹੁਣ ਤੇ ਹਨੂੰਮਾਨ ਚਾਲੀਸਾ ਚਲਾਉਣ ਦੀ ਹੋਛੀ ਰਾਜਨੀਤੀ ਹੁਣ ਨਹੀਂ ਚੱਲੇਗੀ। ਰਾਊਤ ਨੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮਐਨਐਸ) ਤੇ ਵਿਰੋਧੀ ਧਿਰ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, ‘ਜਦੋਂ ਕੋਲਹਾਪੁਰ ’ਚ ਚੋਣ ਪ੍ਰਚਾਰ ਸਿਖਰ ’ਤੇ ਸੀ ਤਾਂ ਮਸਜਿਦਾਂ ’ਤੇ ਲਾਊਡ ਸਪੀਕਰਾਂ ਤੇ ਹਨੂੰਮਾਨ ਚਾਲੀਸਾ ਚਲਾਉਣ ਦਾ ਮੁੱਦਾ ਭਖਾਇਆ ਗਿਆ ਪਰ ਲੋਕਾਂ ਨੇ ਇਸ ਦਾ ਜਵਾਬ ਦੇ ਦਿੱਤਾ ਹੈ ਅਤੇ ਲਾਊਡ ਸਪੀਕਰ ਹਟਾ ਦਿੱਤੇ ਹਨ। ਲਾਊਡ ਸਪੀਕਰਾਂ ’ਤੇ ਹੋ ਰਹੀ ਸਿਆਸਤ ਅੱਜ ਖਤਮ ਹੋ ਗਈ ਹੈ। ਹਰ ਕੋਈ ਜਾਣਦਾ ਹੈ ਕਿ ਲਾਊਡ ਸਪੀਕਰ ਦੇ ਮੁੱਦੇ ਪਿੱਛੇ ਕੌਣ ਸੀ।’ ਨਾਸਿਕ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ, ‘ਅਸੀਂ ਕਈ ਸਾਲਾਂ ਤੋਂ ਹਨੂੰਮਾਨ ਜੈਅੰਤੀ ਤੇ ਰਾਮ ਨੌਮੀ ਧਾਰਮਿਕ ਰਵਾਇਤਾਂ ਤੇ ਉਤਸ਼ਾਹ ਨਾਲ ਮਨਾਉਂਦੇ ਆ ਰਹੇ ਹਾਂ ਪਰ ਇਸ ਵਾਰ ਰਾਮ ਨੌਮੀ ਮੌਕੇ ਜੋ ਫਿਰਕੂ ਹਿੰਸਾ ਹੋਈ ਉਹ ਪਹਿਲਾਂ ਕਦੀ ਨਹੀਂ ਸੀ ਹੋਈ। 10 ਰਾਜਾਂ ’ਚ ਰਾਮ ਨੌਮੀ ਮੌਕੇ ਹਿੰਸਾ ਹੋਈ ਹੈ। ਚੋਣਾਂ ਮੌਕੇ ਦੰਗੇ ਭੜਕਾਉਣਾ ਤੇ ਚੋਣ ਜਿੱਤਣਾ ਭਾਜਪਾ ਦੀ ਹੁਣ ਤੱਕ ਰਣਨੀਤੀ ਰਹੀ ਹੈ।’ -ਪੀਟੀਆਈ