ਮੁੰਬਈ, 4 ਮਈ
ਸ਼ਿਵ ਸੈਨਾ ਨੇ ਅੱਜ ਦਾਅਵਾ ਕੀਤਾ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਹਾਰ ਦੇ ਕਾਰਨਾਂ ’ਚ ਭਾਜਪਾ ਦਾ ‘ਹੰਕਾਰ’ ਵੀ ਸ਼ਾਮਲ ਹੈ। ਸ਼ਿਵ ਸੈਨਾ ਦੇ ਅਖ਼ਬਾਰ ‘ਸਾਮਨਾ’ ਦੀ ਸੰਪਾਦਕੀ ’ਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ’ਚ ਸੱਤਾ ਤੋਂ ਬਾਹਰ ਰਹਿਣ ਲਈ ਭਾਜਪਾ ਦੀ ਅਸਹਿਣਸ਼ੀਲਤਾ ਜ਼ਿੰਮੇਵਾਰ ਸੀ। ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਸੂਬੇ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੰਤਰੀ ਛਗਨ ਭੁਜਬਲ ਨੂੰ ਭਾਜਪਾ ਬਾਰੇ ਬੋਲਣ ਤੋਂ ਪਹਿਲਾਂ ਸ਼ਬਦਾਂ ਦੀ ਵਰਤੋਂ ਸੋਚ-ਵਿਚਾਰ ਕੇ ਕਰਨ ਲਈ ਕਿਹਾ ਸੀ। ਭੁਜਬਲ ਨੇ ਪੱਛਮੀ ਬੰਗਾਲ ਚੋਣਾਂ ਦੇ ਸੰਦਰਭ ’ਚ ਭਾਜਪਾ ਬਾਰੇ ਕੁਝ ਟਿੱਪਣੀ ਕੀਤੀ ਸੀ। ਸੰਪਾਦਕੀ ’ਚ ਸਵਾਲ ਕੀਤਾ ਗਿਆ, ‘ਮਹਾਰਾਸ਼ਟਰ ਕਦੋਂ ਇੰਨਾ ਅਸਹਿਣਸ਼ੀਲ ਹੋ ਗਿਆ?’ ‘ਸਾਮਨਾ’ ’ਚ ਕਿਹਾ ਗਿਆ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਹਾਰ ਲਈ ਭਾਜਪਾ ਦਾ ਹੰਕਾਰ ਵੀ ਜ਼ਿੰਮੇਵਾਰ ਹੈ। ਸ਼ਿਵ ਸੈਨਾ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਹਾਰ ਕਾਰਨ ਭਾਜਪਾ ਮਹਾਰਾਸ਼ਟਰ ’ਚ ਪੰਡਰਪੁਰ ਸੀਟ ਦੀ ਜ਼ਿਮਨੀ ਚੋਣ ਜਿੱਤਣ ਦਾ ਜਸ਼ਨ ਵੀ ਨਹੀਂ ਮਨਾ ਪਾ ਰਹੀ। -ਪੀਟੀਆਈ