ਸ੍ਰੀਨਗਰ, 4 ਅਗਸਤ
ਜੰਮੂ ਕਸ਼ਮੀਰ ’ਚੋਂ ਧਾਰਾ 370 ਮਨਸੂਖ ਕਰਨ ਅਤੇ ਉਸ ਨੂੰ ਦੋ ਹਿੱਸਿਆਂ ’ਚ ਵੰਡ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਦੂਜੀ ਵਰ੍ਹੇਗੰਢ ਤੋਂ ਇਕ ਦਿਨ ਪਹਿਲਾਂ ਗੁਪਕਾਰ ਐਲਾਨਨਾਮੇ ਬਾਰੇ ਲੋਕਾਂ ਦੇ ਗੱਠਜੋੜ ਨੇ ਅੱਜ ਕਿਹਾ ਕਿ ਭਾਜਪਾ ਦੇ ‘ਨਯਾ ਕਸ਼ਮੀਰ’ ਦਾ ਝਾਂਸਾ ਹੁਣ ਮਖੌਲ ਬਣ ਕੇ ਰਹਿ ਗਿਆ ਹੈ ਕਿਉਂਕਿ ਲੋਕਾਂ ਨੇ ਅਗਸਤ 2019 ’ਚ ਉਠਾਏ ਇਸ ਕਦਮ ’ਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ। ਗੁਪਕਾਰ ਗੱਠਜੋੜ ਦੇ ਤਰਜਮਾਨ ਅਤੇ ਸੀਪੀਐੱਮ ਦੇ ਸੀਨੀਅਰ ਆਗੂ ਐੱਮ ਵਾਈ ਤਾਰੀਗਾਮੀ ਨੇ ਇਥੇ ਇਕ ਬਿਆਨ ’ਚ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਕਿਹਾ,‘‘ਅਸੀਂ ਹਾਰ ਨਹੀਂ ਮੰਨਾਂਗੇ ਸਗੋਂ ਹਰ ਮੌਕੇ ਦਾ ਲਾਹਾ ਲੈ ਕੇ ਸ਼ਾਂਤਮਈ ਅਤੇ ਕਾਨੂੰਨੀ ਤਰੀਕਿਆਂ ਨਾਲ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਜਾਰੀ ਰੱਖਾਂਗੇ।’’ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ ਸਮੇਤ ਜੰਮੂ ਕਸ਼ਮੀਰ ਦੀਆਂ ਵੱਖ ਵੱਖ ਪਾਰਟੀਆਂ ਵੱਲੋਂ ਬਣਾਏ ਗਏ ਗੁਪਕਾਰ ਗੱਠਜੋੜ ਨੇ ਕਿਹਾ ਕਿ ਉਹ ਆਸ ਕਰਦਾ ਹੈ ਕਿ ਕੇਂਦਰ ਸਰਕਾਰ ਨੂੰ 5 ਅਗਸਤ, 2019 ਦੇ ਆਪਣੇ ਫ਼ੈਸਲੇ ਦੇ ਅਰਥਹੀਣ ਹੋਣ ਦਾ ਅਹਿਸਾਸ ਹੋਵੇਗਾ। ਤਾਰੀਗਾਮੀ ਨੇ ਕਿਹਾ,‘‘ਜੰਮੂ ਕਸ਼ਮੀਰ, ਦਿੱਲੀ ਅਤੇ ਭਾਰਤ ਦੇ ਦਿਲ ਤੋਂ ਅਜੇ ਵੀ ਦੂਰ ਹੈ। ਸਗੋਂ ਇਹ ਦੂਰੀਆਂ ਹੋਰ ਵੱਧ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ਖ਼ਿੱਤੇ ’ਚ ਅਸੁਰੱਖਿਆ ਅਤੇ ਅਲਹਿਦਗੀ ਦੀ ਭਾਵਨਾ ਵੱਧ ਗਈ ਹੈ। -ਪੀਟੀਆਈ
ਸਿਆਸਤਦਾਨ ਲੰਬੇ ਸਮੇਂ ਤੱਕ ਸੋਗ ਨਹੀਂ ਮਨਾ ਸਕਦੇ ਨੇ: ਉਮਰ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਰੱਦ ਕਰਨ ਮਗਰੋਂ ਜਦੋਂ ਉਸ ਨੂੰ 234 ਦਿਨਾਂ ਲਈ ਹਿਰਾਸਤ ’ਚ ਰੱਖਿਆ ਗਿਆ ਸੀ ਤਾਂ ਉਹ ਬੁਰੀ ਤਰ੍ਹਾਂ ਟੁੱਟ ਗਿਆ ਸੀ ਪਰ ਬਾਅਦ ’ਚ ਅਹਿਸਾਸ ਹੋਇਆ ਕਿ ਸਿਆਸਤਦਾਨ ਹੋਣ ਕਾਰਨ ਉਸ ਨੂੰ ਲੰਬੇ ਤੱਕ ਸੋਗ ਮਨਾਉਣ ਦਾ ਕੋਈ ਹੱਕ ਨਹੀਂ ਹੈ। ਉਸ ਨੂੰ ਲੱਗਿਆ ਕਿ ਆਪਣੇ ਬੁਨਿਆਦੀ ਸੰਵਿਧਾਨਕ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਦੇ ਹੌਸਲਿਆਂ ਨੂੰ ਉਹ ਨਹੀਂ ਡੇਗ ਸਕਦਾ ਹੈ। ਉਨ੍ਹਾਂ ਕਿਹਾ,‘‘ਜੇਕਰ ਤੁਸੀਂ ਇੰਦਰਧਨੁਸ਼ ਚਾਹੁੰਦੇ ਹੋ ਤਾਂ ਤੁਹਾਨੂੰ ਮੀਂਹ ਦੀ ਵੀ ਆਸ ਕਰਨੀ ਪਵੇਗੀ। ਇਸ ਕਰਕੇ ਮੈਂ ਲੋਕਾਂ ਲਈ ਪੂਰੀ ਵਾਹ ਲਾ ਰਿਹਾ ਹਾਂ।’’ ਉਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹੁਣੇ ਜਿਹੇ ਹੋਈ ਬੈਠਕ ’ਚ ਦਿੱਲੀ ਅਤੇ ਜੰਮੂ ਕਸ਼ਮੀਰ ਵਿਚਕਾਰ ਦੂਰੀ ਘਟਾਉਣ ਦੀ ਗੱਲ ਆਖੀ ਸੀ ਅਤੇ ਸਾਰਿਆਂ ਨੂੰ ਉਸ ਦੀ ਉਡੀਕ ਹੈ। ਉਨ੍ਹਾਂ ਮੰਗ ਕੀਤੀ ਕਿ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਬਹਾਲ ਕਰਨ ਦੇ ਨਾਲ ਨਾਲ ਉਸ ਨੂੰ ਰਾਜ ਦਾ ਦਰਜਾ ਦੇ ਕੇ ਵਿਧਾਨ ਸਭਾ ਚੋਣਾਂ ਵੀ ਕਰਵਾਈਆਂ ਜਾਣ। -ਪੀਟੀਆਈ