ਸ੍ਰੀਨਗਰ, 10 ਅਗਸਤ
ਜੰਮੂ ਕਸ਼ਮੀਰ ਦੇ ਜ਼ਿਲ੍ਹਾ ਬੜਗਾਮ ਵਿੱਚ ਦਹਿਸ਼ਤਗਰਦਾਂ ਵਲੋਂ ਚਲਾਈ ਗੋਲੀ ਕਾਰਨ ਗੰਭੀਰ ਜ਼ਖ਼ਮੀ ਹੋਏ ਭਾਜਪਾ ਵਰਕਰ ਦੀ ਅੱਜ ਇੱਥੇ ਹਸਪਤਾਲ ਵਿੱਚ ਮੌਤ ਹੋ ਗਈ। ਪੁਲੀਸ ਅਨੁਸਾਰ ਬੜਗਾਮ ਦੇ ਮਹੇਂਦਪੋਰਾ ਖੇਤਰ ਦੇ ਵਸਨੀਕ ਅਬਦੁਲ ਹਮੀਦ ਨਜਰ ’ਤੇ ਬੀਤੇ ਦਿਨ ਉਸ ਦੇ ਪਿੰਡ ਵਿੱਚ ਦਹਿਸ਼ਤਗਰਦਾਂ ਨੇ ਗੋਲੀ ਚਲਾਈ ਸੀ। ਅੱਜ ਸਵੇਰੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ। ਨਜਰ ਪਿਛਲੇ ਇੱਕ ਮਹੀਨੇ ਦੌਰਾਨ ਦਹਿਸ਼ਤਗਰਦਾਂ ਵਲੋਂ ਨਿਸ਼ਾਨਾ ਬਣਾਇਆ ਚੌਥਾ ਭਾਜਪਾ ਵਰਕਰ ਜਾਂ ਅਹੁਦੇਦਾਰ ਹੈ। ਪਿਛਲੇ ਮਹੀਨੇ ਬਾਂਦੀਪੋਰਾ ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਵਸੀਮ ਬਾਰੀ, ਉਸ ਦੇ ਪਿਤਾ ਅਤੇ ਭਰਾ ਦੀ ਦਹਿਸ਼ਤਗਰਦਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। 4 ਅਗਸਤ ਨੂੰ ਭਾਜਪਾ ਦੇ ਪੰਚ ਨੂੰ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ।
ਦੋ ਦਿਨਾਂ ਬਾਅਦ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਇੱਕ ਭਾਜਪਾ ਸਰਪੰਚ ਦੀ ਹੱਤਿਆ ਕਰ ਦਿੱਤੀ ਗਈ। ਇਸੇ ਦੌਰਾਨ ਅੱਜ ਰਾਤ ਪੁਲਵਾਮਾ ਦੇ ਤਰਾਲ ਕਸਬੇ ਵਿੱਚ ਅਤਿਵਾਦੀਆਂ ਵੱਲੋਂ ਭਾਜਪਾ ਪੰਚਾਇਤ ਮੈਂਬਰ ਦੇ ਘਰ ’ਤੇ ਗਰਨੇਡ ਸੁੱਟਿਆ ਗਿਆ।
-ਪੀਟੀਆਈ
ਕਸ਼ਮੀਰ ’ਚ ਦਰਜਨਾਂ ਭਾਜਪਾ ਵਰਕਰਾਂ ਵਲੋਂ ਅਸਤੀਫ਼ੇ
ਸ੍ਰੀਨਗਰ: ਭਾਜਪਾ ਦੇ ਪਿੰਡ ਪੱਧਰੀ ਆਗੂਆਂ ’ਤੇ ਹੋਏ ਦਹਿਸ਼ਤੀ ਹਮਲਿਆਂ ਮਗਰੋਂ ਕਸ਼ਮੀਰ ਦੇ ਕਰੀਬ ਦਰਜਨ ਭਾਜਪਾ ਵਰਕਰਾਂ ਨੇ ਅਸਤੀਫ਼ੇ ਦੇ ਦਿੱਤੇ ਹਨ। ਇਸ ਮਗਰੋਂ ਵਾਦੀ ਦੇ ਹਰ ਜ਼ਿਲ੍ਹੇ ਵਿੱਚ ਪਾਰਟੀ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ‘ਹੋਸਟਲ ਵਰਗੀ’ ਸੁਰੱਖਿਅਤ ਰਿਹਾਇਸ਼ ਦੇ ਸੁਝਾਅ ਦਿੱਤੇ ਜਾ ਰਹੇ ਹਨ। ਭਾਜਪਾ ਦੇ ਮੀਡੀਆ ਇੰਚਾਰਜ ਮਨਜ਼ੂਰ ਭੱਟ ਨੇ ਅਸਤੀਫ਼ਿਆਂ ਦਾ ਪਾਰਟੀ ’ਤੇ ਕੋਈ ਅਸਰ ਪੈਣ ਦੀ ਸੰਭਾਵਨਾ ਰੱਦ ਕਰਦਿਆਂ ਕਿਹਾ ਕਿ ਇਹ ਹੇਠਲੇ ਪੱਧਰ ਦੇ ਵਰਕਰ ਸਨ।
-ਪੀਟੀਆਈ