ਮੁੰਬਈ, 18 ਜੁਲਾਈ
ਉਤਰ ਪ੍ਰਦੇਸ਼ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਆਬਾਦੀ ਰੋਕਥਾਮ ਬਿੱਲ ਦਾ ਸਵਾਗਤ ਕਰਦਿਆਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਕਿਹਾ ਕਿ ਜੇ ਜਨਤਾ ਦਲ (ਯੂ) ਦੇ ਆਗੂ ਇਸ ਬਿੱਲ ਦਾ ਵਿਰੋਧ ਕਰਦੇ ਹਨ ਤਾਂ ਭਾਜਪਾ ਨੂੰ ਬਿਹਾਰ ਵਿੱਚ ਨਿਤੀਸ਼ ਕੁਮਾਰ ਸਰਕਾਰ ਤੋਂ ਸਮਰਥਨ ਵਾਪਸ ਲੈ ਲੈਣਾ ਚਾਹੀਦਾ ਹੈ। ਆਬਾਦੀ ਰੋਕਥਾਮ ਬਿੱਲ ਦੇ ਖਰੜੇ ਮੁਤਾਬਕ, ਦੋ ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਲੋਕਾਂ ਨੂੰ ਉਤਰ ਪ੍ਰਦੇਸ਼ ਵਿੱਚ ਸਥਾਨਕ ਚੋਣਾਂ ਲੜਨ, ਸਰਕਾਰੀ ਨੌਕਰੀ ਜਾਂ ਕਿਸੇ ਤਰ੍ਹਾਂ ਦੀ ਸਬਸਿਡੀ ਪ੍ਰਾਪਤ ਕਰਨ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਇਸ ਹਫ਼ਤੇ ਸ਼ਿਵ ਸੈਨਾ ਦੇ ਪਰਚੇ ‘ਸਾਮਨਾ’ ਵਿੱਚ ਰਾਊਤ ਨੇ ਆਪਣੇ ਕਾਲਮ ਵਿੱਚ ਕਿਹਾ ਸੀ ਕਿ ਜੇ ਤਜਵੀਜ਼ਤ ਆਬਾਦੀ ਰੋਕਥਾਮ ਬਿੱਲ ਇਮਾਨਦਾਰੀ ਨਾਲ ਲਿਆਂਦਾ ਜਾ ਰਿਹਾ ਹੈ ਤਾਂ ਇਹ ਮਸਲਾ ਜਾਤ, ਧਰਮ ਜਾਂ ਸਿਆਸਤ ਤੋਂ ਉਪਰ ਹੋਣਾ ਚਾਹੀਦਾ ਹੈ। ‘ਸਾਮਨਾ’ ਦੇ ਕਾਰਜਕਾਰੀ ਸੰਪਾਦਕ ਰਾਊਤ ਨੇ ਕਿਹਾ, ‘‘ਰਾਮ ਮੰਦਰ ਦਾ ਮਸਲਾ ਹੱਲ ਹੋ ਗਿਆ ਹੈ। ਇਸ ’ਤੇ ਸਿਆਸਤ ਨਹੀਂ ਹੋ ਸਕਦੀ। ਕਿਹਾ ਜਾਂਦਾ ਹੈ ਕਿ ਆਬਾਦੀ ਰੋਕਥਾਮ ਬਿੱਲ ਦਾ ਮਕਸਦ (ਉਤਰ ਪ੍ਰਦੇਸ਼ ਵਿੱਚ) ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਦਾ ਧਰੁਵੀਕਰਨ ਕਰਨਾ ਹੈ।’’ ਉਨ੍ਹਾਂ ਕਿਹਾ ਕਿ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ‘ਮੁਸਲਮਾਨ ਵਿਰੋਧੀ’ ਬਿੱਲ ਕਰਾਰ ਦਿੰਦਿਆਂ ਇਸ ਦਾ ਵਿਰੋਧ ਕੀਤਾ ਹੈ। ਸੰਜੈ ਰਾਊਤ ਨੇ ਕਿਹਾ ਕਿ ਉਤਰ ਪ੍ਰਦੇਸ਼ ਅਤੇ ਬਿਹਾਰ ਦੀ ਆਬਾਦੀ ਲਗਪਗ 15 ਕਰੋੜ ਹੈ ਅਤੇ ਜ਼ਿਆਦਾਤਰ ਲੋਕ ਰੋਜ਼ੀ-ਰੋਟੀ ਲਈ ਹੋਰ ਸੂਬਿਆਂ ਵੱਲ ਪਰਵਾਸ ਕਰ ਰਹੇ ਹਨ। ਇਸ ਲਈ ਆਬਾਦੀ ਰੋਕਥਾਮ ਲਈ ਇਨ੍ਹਾਂ ਸੂਬਿਆਂ ਵਿੱਚ ਕਾਨੂੰਨੀ ਕਦਮ ਚੁੱਕਣਾ ਚਾਹੀਦਾ ਹੈ। -ਪੀਟੀਆਈ